ਖਲਵਾੜਾ, 19 ਅਪ੍ਰੈਲ (ਮਨਦੀਪ ਸਿੰਘ ਸੰਧੂ)-ਡਾ. ਬੀ. ਆਰ. ਅੰਬੇਡਕਰ ਬਲੱਡ ਆਰਗਨਾਈਜ਼ੇਸ਼ਨ ਫਗਵਾੜਾ ਦੇ ਮੀਤ ਪ੍ਰਧਾਨ ਇੰਜੀਨੀਅਰ ਸੁਖਵਿੰਦਰ ਭੁੱਲਾਰਾਈ ਨੇ ਪੰਜਾਬ ਸਰਕਾਰ ਵਲੋਂ ਪਲਾਈ ਗੇਟ ਤੋਂ ਭੁੱਲਾਰਾਈ ਬਾਈਪਾਸ ਰੋਡ ਦਾ ਨਾਂਅ ਬਾਬਾ ਸਾਹਿਬ ਡਾ. ਅੰਬੇਡਕਰ ਮਾਰਗ ਰੱਖੇ ਜਾਣ ਨੂੰ ਲੈ ਕੇ ਅੱਜ ਕਿਹਾ ਕਿ ਬਾਬਾ ਸਾਹਿਬ ਦੇ ਨਾਂਅ 'ਤੇ ਸੜਕ ਦਾ ਨਾਂਅ ਰੱਖਣਾ ਸਵਾਗਤਯੋਗ ਹੈ ਪਰ ਚੰਗਾ ਹੁੰਦਾ ਜੇਕਰ ਸਰਕਾਰ ਨੇ ਇਸ ਸੜਕ ਦੀ ਮਾੜੀ ਹਾਲਤ ਵੱਲ ਵੀ ਧਿਆਨ ਦਿੱਤਾ ਹੁੰਦਾ | ਉਨ੍ਹਾਂ ਕਿਹਾ ਕਿ ਇਸ ਸੜਕ ਦੀ ਤਰਸਯੋਗ ਹਾਲਤ ਦੇ ਚੱਲਦਿਆਂ ਇਲਾਕੇ ਦੇ ਵਸਨੀਕਾਂ ਤੇ ਰਾਹਗੀਰਾਂ ਨੂੰ ਲੰਮੇ ਸਮੇਂ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨੀ ਪੇਸ਼ ਆ ਰਹੀ ਹੈ | ਉਨ੍ਹਾਂ ਦੱਸਿਆ ਕਿ ਪਿੰਡ ਭੁੱਲਾਰਾਈ ਸਥਿਤ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ, ਦੋ ਪਹੀਆ ਵਾਹਨ ਚਾਲਕਾਂ, ਕਾਰ ਸਵਾਰਾਂ, ਰਿਕਸ਼ਾ, ਆਟੋ ਚਾਲਕਾਂ ਤੇ ਪੈਦਲ ਰਾਹਗੀਰਾਂ ਨੂੰ ਡੂੰਘੇ ਤੇ ਚੌੜੇ ਟੋਇਆਂ ਵਾਲੀ ਇਸ ਟੁੱਟੀ ਹੋਈ ਸੜਕ ਤੋਂ ਰੋਜ਼ਾਨਾ ਲੰਘਣਾ ਪੈਂਦਾ ਹੈ | ਅਕਸਰ ਬੱਚਿਆਂ ਦੇ ਡਿੱਗਣ ਨਾਲ ਸੱਟਾਂ ਲੱਗਦੀਆਂ ਹਨ ਤੇ ਕਈ ਬਜ਼ੁਰਗ ਵੀ ਸੱਟਾਂ ਲਗਵਾ ਚੁੱਕੇ ਹਨ | ਬਰਸਾਤ ਹੋਣ 'ਤੇ ਇਥੋਂ ਲੰਘਣਾ ਕਿਲਾ ਜਿੱਤਣ ਦੇ ਬਰਾਬਰ ਹੋ ਜਾਂਦਾ ਹੈ | ਉਨ੍ਹਾਂ ਨੇ ਹੈਰਾਨੀ ਪ੍ਰਗਟਾਈ ਕਿ ਪਿੰਡ ਦਾ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਸੱਤਾ ਧਿਰ ਦਾ ਹੋਣ ਦੇ ਬਾਵਜੂਦ ਸੜਕ ਦੇ ਨਾਮਕਰਨ ਤੋਂ ਪਹਿਲਾਂ ਇਸ ਦੀ ਹਾਲਤ ਸੁਧਾਰਨ ਬਾਰੇ ਨਹੀਂ ਸੋਚਿਆ | ਇੰਜੀਨੀਅਰ ਸੁਖਵਿੰਦਰ ਭੁੱਲਾਰਾਈ ਨੇ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਾਂ ਬਲਾਕ ਸੰਮਤੀ ਦਾ ਚੇਅਰਮੈਨ ਵੀ ਕਾਂਗਰਸ ਪਾਰਟੀ ਦਾ ਸੀ ਪਰ ਉਸ ਸਮੇਂ ਵੀ ਇਸ ਸੜਕ ਦੀ ਸਾਰ ਨਹੀਂ ਲਈ ਗਈ | ਉਨ੍ਹਾਂ ਮੰਗ ਕੀਤੀ ਕਿ ਰਾਹਗੀਰਾਂ ਤੇ ਵਸਨੀਕਾਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਪਹਿਲ ਦੇ ਆਧਾਰ 'ਤੇ ਸੜਕ ਦੀ ਮੁੜ ਉਸਾਰੀ ਕਰਵਾਈ ਜਾਵੇ |