ਢਿਲਵਾਂ, 19 ਅਪ੍ਰੈਲ (ਪ੍ਰਵੀਨ ਕੁਮਾਰ)-ਜਲੰਧਰ ਅੰਮਿ੍ਤਸਰ ਮੁੱਖ ਰਾਸ਼ਟਰੀ ਰਾਜ ਮਾਰਗ 'ਤੇ ਢਿਲਵਾਂ ਵਿਖੇ ਸਥਿਤ ਟੋਲ ਪਲਾਜ਼ਾ ਢਿਲਵਾਂ ਜੋ ਕਿ ਜ਼ਿਲ੍ਹਾ ਕਪੂਰਥਲਾ ਦੀ ਹਦੂਦ 'ਚ ਪੈਂਦਾ ਹੈ, ਨੂੰ ਲੋਕਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਤੇ ਨੈਸ਼ਨਲ ਹਾਈਵੇ ਅਥਾਰਿਟੀ ਦੇ ਜਲੰਧਰ ਸਥਿਤ ਦਫ਼ਤਰ ਅਧੀਨ ਲਿਆਉਣ ਦੀ ਮੰਗ ਕੀਤੀ ਹੈ | ਜਾਣਕਾਰੀ ਅਨੁਸਾਰ ਮੌਜੂਦਾ ਸਮੇਂ ਟੋਲ ਪਲਾਜ਼ਾ ਢਿਲਵਾਂ ਨੈਸ਼ਨਲ ਹਾਈਵੇ ਅਥਾਰਿਟੀ ਦੇ ਅੰਮਿ੍ਤਸਰ ਬਣੇ ਦਫ਼ਤਰ ਅਧੀਨ ਆਉਂਦਾ ਹੈ ਜਦ ਕਿ ਇਹ ਟੋਲ ਪਲਾਜ਼ਾ ਜ਼ਿਲ੍ਹਾ ਕਪੂਰਥਲਾ ਦੀ ਹੱਦ 'ਚ ਹੈ, ਲੋਕਾਂ ਦਾ ਕਹਿਣਾ ਹੈ ਕਿ ਟੋਲ ਪਲਾਜ਼ਾ ਢਿਲਵਾਂ ਨਾਲ ਸੰਬੰਧਿਤ ਜਦੋਂ ਕੋਈ ਸ਼ਿਕਾਇਤ ਕਰਨੀ ਹੋਵੇ ਜਾਂ ਕਿਸੇ ਮਸਲੇ ਦੀ ਕੋਈ ਖ਼ਬਰ ਪ੍ਰਕਾਸ਼ਿਤ ਹੁੰਦੀ ਹੈ ਤਾਂ ਉਹ ਜ਼ਿਲ੍ਹਾ ਕਪੂਰਥਲਾ ਤੱਕ ਹੀ ਸੀਮਤ ਰਹਿਣ ਕਰਕੇ ਟੋਲ ਨਿਗਰਾਨ ਅਧਿਕਾਰੀਆਂ ਦੇ ਧਿਆਨ 'ਚ ਨਹੀਂ ਆਉਂਦੀ ਤੇ ਪੈਦਾ ਹੋਏ ਮਸਲੇ ਦਾ ਕੋਈ ਹੱਲ ਨਹੀਂ ਨਿਕਲਦਾ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਕਪੂਰਥਲਾ ਪਾਸੋਂ ਮੰਗ ਕੀਤੀ ਹੈ ਕਿ ਟੋਲ ਪਲਾਜ਼ਾ ਢਿਲਵਾਂ ਦੀ ਹੱਦ ਨੂੰ ਦੇਖਦੇ ਹੋਏ ਇਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਤੇ ਨੈਸ਼ਨਲ ਹਾਈਵੇ ਅਥਾਰਿਟੀ ਦੇ ਜਲੰਧਰ ਦਫ਼ਤਰ ਅਧੀਨ ਕੀਤਾ ਜਾਵੇ |