ਭੁਲੱਥ, 24 ਅਪ੍ਰੈਲ (ਮੇਹਰ ਚੰਦ ਸਿੱਧੂ)-ਭੁਲੱਥ ਦੇ ਮੁਹੱਲਾ ਸਲਾਮਤਪੁਰ ਵਾਰਡ ਨੰਬਰ 10 ਦੇ ਵਸਨੀਕ ਪੰਛੀ ਕੁਮਾਰ ਪੁੱਤਰ ਸਵ. ਕਰਮ ਸਿੰਘ ਵਲੋਂ ਇਮਾਨਦਾਰੀ ਦੀ ਮਿਸਾਲ ਉਸ ਸਮੇਂ ਕਾਇਮ ਕਰ ਵਿਖਾਈ, ਜਦੋਂ ਉਸ ਨੂੰ ਆਪਣੀ ਗੈਰਿਜ 'ਚੋਂ ਗੱਡੀ ਕੱਢਣ ਸਮੇਂ ਇਕ ਬੈਗ ਹੱਥ ਲੱਗਾ, ਜਿਸ 'ਚ ਲਗਪਗ 10 ਲੱਖ ਰੁਪਏ ਤੋਂ ਵੱਧ ਸਾਮਾਨ ਸੀ, ਜੋ ਉਸਨੇ ਬੈਗ ਮਾਲਕ ਦੇ ਹਵਾਲੇ ਕਰਕੇ ਸਿੱਧ ਕਰ ਵਿਖਾਇਆ ਕਿ ਦੁਨੀਆਂ ਤੋਂ ਇਮਾਨਦਾਰੀ ਹਾਲੇ ਖ਼ਤਮ ਨਹੀਂ ਹੋਈ | ਪੰਛੀ ਕੁਮਾਰ ਨੇ ਦੱਸਿਆ ਕਿ ਉਹ ਅੱਜ ਸਵੇਰੇ ਸੇਠੀ ਦੀ ਚੱਕੀ ਭਗਵਾਨਪੁਰ ਰੋਡ 'ਤੇ ਸਥਿਤ ਆਪਣੀ ਗੈਰਿਜ 'ਚੋਂ ਗੱਡੀ ਕੱਢਣ ਵਾਸਤੇ ਗਿਆ ਤਾਂ ਉਸ ਨੂੰ ਰੋਡ ਦੇ ਨਜ਼ਦੀਕ ਇਕ ਬੈਗ ਪਿਆ ਨਜ਼ਰ ਆਇਆ | ਜਦੋਂ ਬੈਗ ਖੋਲ੍ਹ ਕੇ ਦੇਖਿਆ ਤਾਂ ਉਸ 'ਚ 4 ਲੱਖ ਰੁਪਏ ਨਕਦੀ, ਸੋਨੇ ਦੇ ਗਹਿਣੇ, ਏ. ਟੀ. ਐਮ. ਕਾਰਡ ਤੇ ਹੋਰ ਦਸਤਾਵੇਜ਼ ਸਨ, ਜਦੋਂ ਆਪਣੀ ਬੈਗ ਲੱਭਦੇ ਹੋਏ ਬੈਗ ਦੇ ਮਾਲਕ ਸੈਲਫੀ ਨੁਕਾਲ ਪਾਰਟੀ ਉਸ ਥਾਂ 'ਤੇ ਪੁੱਜੇ ਤਾਂ ਪੰਛੀ ਕੁਮਾਰ ਸਲਾਮਤਪੁਰ ਤੇ ਉਸ ਦੀ ਪਤਨੀ ਸਾਬਕਾ ਕੌਂਸਲਰ ਕੁਲਵਿੰਦਰ ਕੌਰ ਨੂੰ ਪਤਾ ਲੱਗਣ 'ਤੇ ਕਿ ਬੈਗ ਦੇ ਮਾਲਕ ਪਹੁੰਚ ਚੁੱਕੇ ਹਨ ਤਾਂ ਉਨ੍ਹਾਂ ਵਲੋਂ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਮੁਹਤਬਰ ਵਿਅਕਤੀ ਅਵਤਾਰ ਸਿੰਘ ਪੰਡੋਰੀ, ਦਲਜੀਤ ਸਿੰਘ, ਰਣਜੀਤ ਸਿੰਘ ਤੇ ਜਤਿੰਦਰ ਸਿੰਘ ਦੀ ਮੌਜੂਦਗੀ 'ਚ ਬੈਗ ਮਾਲਕ ਸੈਲਫੀ ਨੁਕਾਲ ਦੇ ਹਵਾਲੇ ਕੀਤਾ | ਇਸ ਮੌਕੇ ਸੈਲਫੀ ਨੇ ਦੱਸਿਆ ਕਿ 10 ਲੱਖ ਰੁਪਏ ਦੀ ਕੀਮਤ ਦਾ ਸਾਮਾਨ ਬੈਗ ਵਿਚ ਸੀ, ਜਿਸ ਕਰਕੇ ਉਨ੍ਹਾਂ ਵਲੋਂ ਪੰਛੀ ਕੁਮਾਰ ਤੇ ਉਸ ਦੀ ਪਤਨੀ ਬੀਬੀ ਕੁਲਵਿੰਦਰ ਕੌਰ ਸਾਬਕਾ ਕੌਂਸਲਰ ਦਾ ਧੰਨਵਾਦ ਕੀਤਾ | ਉਨ੍ਹਾਂ ਵਲੋਂ ਦਿਖਾਈ ਇਮਾਨਦਾਰ ਦੀ ਚਰਚਾ ਸਾਰੇ ਕਸਬੇ ਵਿਚ ਫੈਲ ਗਈ |