ਕਪੂਰਥਲਾ, 24 ਅਪ੍ਰੈਲ (ਵਿ.ਪ੍ਰ.)-ਮਾਨਵ ਏਕਤਾ ਦਿਵਸ 'ਤੇ ਸੰਤ ਨਿਰੰਕਾਰੀ ਸਤਿਸੰਗ ਭਵਨ ਕਪੂਰਥਲਾ 'ਚ ਲਗਾਏ ਖ਼ੂਨਦਾਨ ਕੈਂਪ ਵਿਚ ਕਪੂਰਥਲਾ ਤੇ ਇਸ ਦੇ ਆਸ-ਪਾਸ ਦੇ ਖੇਤਰ ਨਾਲ ਸੰਬੰਧਿਤ ਸੰਗਤਾਂ ਨੇ 116 ਯੂਨਿਟ ਖ਼ੂਨ ਦਾਨ ਕੀਤਾ | ਇਸ ਸੰਬੰਧ 'ਚ ਹੋਏ ਸਮਾਗਮ ਵਿਚ ਕਰਨਲ ਕੇ. ਜੇ. ਐਸ. ਰਾਣਾ ਮੁੱਖ ਮਹਿਮਾਨ ਵਜੋਂ ਤੇ ਡਾ. ਸੰਜੀਵ ਭਗਤ ਸਿਵਲ ਸਰਜਨ ਤੇ ਸਹਾਇਕ ਸਿਵਲ ਸਰਜਨ ਡਾ. ਅਨੂ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਕਪੂਰਥਲਾ ਜ਼ੋਨ ਦੇ ਜ਼ੋਨਲ ਇੰਚਾਰਜ ਗੁਲਸ਼ਨ ਲਾਲ ਅਹੂਜਾ ਨੇ ਖ਼ੂਨਦਾਨ ਖ਼ੂਨਦਾਨੀਆਂ, ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਜੀ ਆਇਆਂ ਕਿਹਾ | ਉਨ੍ਹਾਂ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਦੀ ਇਹ ਪਹਿਲ ਕਦਮੀ ਸਿਰਫ਼ ਜੀਵਨ ਰੱਖਿਅਕ ਸੇਵਾ ਤੱਕ ਸੀਮਿਤ ਨਾ ਰਹਿ ਕੇ ਮਾਨਵਤਾ, ਕਰੂਣਾ ਤੇ ਜ਼ਿੰਮੇਵਾਰੀ ਦੇ ਉੱਚੇ ਆਦਰਸ਼ਾਂ ਦਾ ਪ੍ਰਤੀਕ ਬਣ ਕੇ ਉੱਭਰੀ ਹੈ | ਉਨ੍ਹਾਂ ਕਿਹਾ ਕਿ ਬਾਬਾ ਗੁਰਬਚਨ ਸਿੰਘ ਨੇ ਸੱਚ, ਸਰਲਤਾ ਤੇ ਸਦਭਾਵਨਾ ਦਾ ਮਾਰਗ ਦਿਖਾਉਂਦੇ ਹੋਏ ਨੌਜਵਾਨਾਂ ਨੂੰ ਨਸ਼ਾ ਮੁਕਤ ਜੀਵਨ ਅਪਣਾਉਣ ਤੇ ਆਪਣੀ ਊਰਜਾ ਸਮਾਜ ਸੇਵਾ ਵਿਚ ਲਗਾਉਣ ਲਈ ਪ੍ਰੇਰਨਾ ਦਿੱਤੀ ਸੀ |