ਭੁਲੱਥ, 25 ਅਪ੍ਰੈਲ (ਮੇਹਰ ਚੰਦ ਸਿੱਧੂ)-ਮਲੇਰੀਆ ਦੀ ਰੋਕਥਾਮ ਲਈ ਮੱਛਰ ਰੋਕੋ ਉਪਕਰਨਾਂ ਦੀ ਵਰਤੋਂ ਕੀਤੀ ਜਾਵੇ | ਇਹ ਪ੍ਰਗਟਾਵਾ ਕਰਦਿਆਂ ਸਿਵਲ ਹਸਪਤਾਲ ਭੁਲੱਥ ਵਿਖੇ ਮਲੇਰੀਆ ਦਿਵਸ ਮਨਾਉਣ ਸਮੇਂ ਐਸ. ਐਮ. ਓ. ਡਾ. ਹਰਜਿੰਦਰ ਸਿੰਘ ਨੇ ਕਿਹਾ ਕਿ ਬਦਲਦੇ ਮੌਸਮ ਦੇ ਮੱਦੇਨਜ਼ਰ ਸਿਹਤ ਸੰਬੰਧੀ ਹਰੇਕ ਨੂੰ ਜਾਗਰੂਕ ਹੋਣ ਦੀ ਵਧੇਰੇ ਲੋੜ ਹੈ, ਜੇਕਰ ਕਿਸੇ ਮਰੀਜ਼ ਨੂੰ ਸਰਦੀ ਲੱਗ ਕੇ ਬੁਖਾਰ ਵਗੈਰਾ ਆਉਂਦਾ ਹੈ, ਕਾਂਬਾ ਲੱਗਦਾ ਹੈ ਤੇ ਉਲਟੀਆਂ ਵਗੈਰਾ ਆਉਣ ਨੂੰ ਮਨ ਕਰਦਾ ਹੈ, ਤਾਂ ਤੁਰੰਤ ਸਿਵਲ ਹਸਪਤਾਲ ਭੁਲੱਥ ਵਿਖੇ ਪਹੁੰਚ ਕੇ ਖ਼ੂਨ ਦੀ ਜਾਂਚ ਕਰਵਾ ਕੇ ਲਾਜ ਕਰਨਾ ਚਾਹੀਦਾ ਹੈ | ਇਥੇ ਟੈੱਸਟ ਵਗੈਰਾ ਦੀ ਸੁਵਿਧਾ ਸਰਕਾਰ ਵਲੋਂ ਮੁਫ਼ਤ ਦਿੱਤੀ ਗਈ ਹੈ | ਇਸ ਮੌਕੇ ਹੈਲਥ ਵਰਕਰ ਗੁਰਜੀਤ ਸਿੰਘ ਨੇ ਕਿਹਾ ਕਿ ਘਰਾਂ 'ਚ ਕੂਲਰਾਂ ਵਗੈਰਾ ਦੀ ਸਫ਼ਾਈ ਤੇ ਪਾਣੀ ਹਫ਼ਤੇ ਬਾਅਦ ਜ਼ਰੂਰ ਬਦਲੋ, ਗਮਲਿਆਂ 'ਚ ਪਾਣੀ ਖੜ੍ਹਾ ਨਾ ਹੋਣ ਦਿਓ, ਮੱਛਰਦਾਨੀ ਦੀ ਵਰਤੋਂ ਕਰੋ, ਤੇ ਆਪਣੇ ਆਲੇ ਦੁਆਲੇ ਸਾਫ਼ ਸਫ਼ਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ |