ਕਿਸ਼ਨਗੜ੍ਹ, 26 ਅਪ੍ਰੈਲ (ਹੁਸਨ ਲਾਲ)-ਪੁਲਿਸ ਚੌਕੀ ਕਿਸ਼ਨਗੜ੍ਹ ਅਧੀਨ ਪੈਂਦੇ ਪਿੰਡ ਦੁਗਰੀ ਵਿਖੇ ਬੀਤੇ ਦਿਨ ਇਕ ਪ੍ਰਵਾਸੀ ਮਜ਼ਦੂਰ ਤੋਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਤੇਜ਼ਧਾਰ ਹਥਿਆਰ ਦੇ ਜ਼ੋਰ ਨਾਲ ਉਸ ਦਾ ਮੋਬਾਈਲ ਫੋਨ ਤੇ ਨਕਦੀ ਖੋਹ ਕੇ ਫਰਾਰ ਹੋ ਜਾਣ ਦੀ ਖਬਰ ਹੈ | ਜਾਣਕਾਰੀ ਦਿੰਦੇ ਹੋਏ ਬਬਲੂ ਰਿਸ਼ੀ ਦੇਵ ਨਿਵਾਸੀ ਬਿਹਾਰ ਹਾਲ ਨਿਵਾਸੀ ਪਿੰਡ ਦੁੱਗਰੀ ਨੇ ਦੱਸਿਆ ਕਿ ਉਹ ਪਿੰਡ ਦੁਗਰੀ ਵਿਖੇ ਨੰਬਰਦਾਰ ਜਤਿੰਦਰ ਪਾਲ ਸਿੰਘ ਢਿੱਲੋਂ ਦੇ ਘਰ ਖੇਤੀਬਾੜੀ ਦਾ ਕੰਮ ਕਰਦਾ ਹੈ | ਬੀਤੇ ਦਿਨ ਉਹ ਪਿੰਡ ਦੁਗਰੀ ਤੋਂ ਫਰੀਦਪੁਰ ਨੂੰ ਜਾਂਦੀ ਡਰੇਨ ਦੇ ਨਾਲ-ਨਾਲ ਜਾਂਦੇ ਰਸਤੇ ਤੇ ਸਾਈਕਲ ਤੇ ਨੰਬਰਦਾਰ ਜਤਿੰਦਰ ਸਿੰਘ ਢਿੱਲੋਂ ਦੇ ਖੇਤਾਂ 'ਚ ਬਣੇ ਡੇਰੇ ਤੇ ਜਾ ਰਿਹਾ ਸੀ ਤਾਂ ਉਸ ਨੂੰ ਮੋਟਰਸਾਈਕਲ 'ਤੇ ਆਏ ਦੋ ਨੌਜਵਾਨਾਂ ਨੇ ਰੋਕ ਕੇ ਉਸ ਨੂੰ ਰਸਤਾ ਪੁੱਛਣ ਦੇ ਬਹਾਨੇ ਇਕ ਤੇਜ਼ਧਾਰ ਹਥਿਆਰ ਨਾਲ ਉਸ ਕੋਲੋਂ ਮੋਬਾਇਲ ਫ਼ੋਨ ਤੇ ਜੇਬ 'ਚੋਂ 500 ਰੁਪਏ ਕੱਢ ਕੇ ਫਰਾਰ ਹੋ ਗਏ | ਇਸ ਸਾਰੀ ਘਟਨਾ ਉਸ ਨੇ ਆਪਣੇ ਮਾਲਕ ਨੂੰ ਦੱਸੀ ਤੇ ਉਨ੍ਹਾਂ ਪੁਲਿਸ ਚੌਕੀ ਕਿਸ਼ਨਗੜ੍ਹ ਵਿਖੇ ਇਸ ਦੀ ਘਟਨਾ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ | ਇਸ ਸੰਬੰਧੀ ਨੰਬਰਦਾਰ ਜਤਿੰਦਰ ਪਾਲ ਸਿੰਘ ਢਿੱਲੋ ਨੇ ਕਿਹਾ ਕਿ ਇਲਾਕੇ ਵਿਚ ਹੋ ਰਹੀਆਂ ਵਾਰਦਾਤਾਂ ਨਾਲ ਆਮ ਲੋਕ ਆਪਣੇ ਆਪ ਨੂੰ ਆਸਰੱਖਿਅਤ ਮਹਿਸੂਸ ਕਰ ਰਹੇ ਹਨ | ਉਨ੍ਹਾਂ ਐਸ. ਐਸ. ਪੀ. ਜਲੰਧਰ ਦਿਹਾਤੀ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਲਾਕੇ ਦੇ ਲੋਕਾਂ ਦੇ ਜਾਨ ਤੇ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ |