ਜਲੰਧਰ, 26 ਅਪ੍ਰੈਲ (ਡਾ.ਜਤਿੰਦਰ ਸਾਬੀ)-ਸਥਾਨਕ ਹੰਸ ਰਾਜ ਸਟੇਡੀਅਮ 'ਚ ਕਰਵਾਈ ਮਿੰਨੀ ਪੰਜਾਬ ਸਟੇਟ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ 'ਚੋਂ ਪੰਜਾਬ ਦੇ ਨੌਜਵਾਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਲੁਧਿਆਣਾ ਦੀ ਸਮਾਇਰਾ ਅਗਰਵਾਲ ਤੇ ਆਨਿਆ ਤਿਵਾੜੀ ਨੇ ਆਪੋ-ਆਪਣੇ ਵਰਗਾਂ ਵਿਚ ਡਬਲ ਖਿਤਾਬ ਜਿੱਤ ਕੇ ਵੱਡੀ ਪ੍ਰਾਪਤੀ ਹਾਸਿਲ ਕੀਤੀ | ਅੰਡਰ-13 ਲੜਕੀਆਂ ਦੇ ਵਰਗ ਵਿਚੋਂ ਸਮਾਇਰਾ ਅਗਰਵਾਲ ਨੇ ਸਿੰਗਲਜ਼ ਅਤੇ ਡਬਲਜ਼ ਦੋਵੇਂ ਖਿਤਾਬ ਜਿੱਤੇ, ਜਦਕਿ ਅੰਡਰ-11 ਸਾਲ ਵਰਗ 'ਚੋਂ ਆਨਿਆ ਤਿਵਾਰੀ ਨੇ ਵੀ ਸਿੰਗਲਜ਼ ਤੇ ਡਬਲਜ਼ ਵਿਚ ਜਿੱਤ ਦਰਜ ਕਰਕੇ ਡਬਲ ਚੈਂਪੀਅਨ ਬਣੀ | ਲੜਕਿਆਂ ਵਿਚ ਅੰਡਰ-11 ਸਾਲ ਸਿੰਗਲਜ਼ ਦਾ ਖਿਤਾਬ ਅਯਾਨ ਸੁਖੀਜਾ ਨੇ ਜਿੱਤਿਆ, ਜਦਕਿ ਅੰਡਰ-13 ਸਿੰਗਲਜ਼ ਵਿਚ ਰੈਬਿਗੁਏਲ ਅੰਜੀ ਜੇਤੂ ਰਿਹਾ | ਪੂਰੇ ਟੂਰਨਾਮੈਂਟ ਵਿਚ ਲੁਧਿਆਣਾ ਦੇ ਖਿਡਾਰੀਆਂ ਨੇ ਸਭ ਤੋਂ ਵੱਧ ਤਗਮੇ ਜਿੱਤ ਕੇ ਆਪਣੀ ਜੇਤੂ ਬੜਤ ਬਣਾਈ ਰੱਖੀ | ਤਿੰਨ ਦਿਨਾਂ ਦਾ ਇਹ ਟੂਰਨਾਮੈਂਟ ਐਤਵਾਰ ਨੂੰ ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿਚ ਸਮਾਪਤ ਹੋਇਆ | ਇਨਾਮ ਵੰਡ ਸਮਾਰੋਹ ਵਿਚ ਅਜੀਤ ਗਰੁੱਪ ਦੀ ਸੀਨੀਅਰ ਐਗਜੀਕਿਊਟਿਵ ਸ੍ਰੀਮਤੀ ਗੁਰਜੋਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਗੁਰਜੋਤ ਕੌਰ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਦੇ ਸਮੂਹਿਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ | ਉਨ੍ਹਾਂ ਨੇ ਕਿਹਾ ਕਿ ਚੰਗੇ ਕੋਚ ਦੇ ਨਾਲ-ਨਾਲ ਖਿਡਾਰੀ ਦੇ ਨਿਰਮਾਣ ਵਿਚ ਮਾਪਿਆਂ ਦੀ ਭੂਮਿਕਾ ਵੀ ਬਹੁਤ ਹੀ ਅਹਿਮ ਹੁੰਦੀ ਹੈ | ਉਨ੍ਹਾਂ ਨੇ ਟੂਰਨਾਮੈਂਟ ਦੇ ਸਫਲ ਆਯੋਜਨ ਲਈ ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤੀ | ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਰਿਤਿਨ ਖੰਨਾ ਨੇ ਦੱਸਿਆ ਕਿ ਇਸ ਵਾਰ ਟੂਰਨਾਮੈਂਟ ਵਿਚ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਤੋਂ ਰਿਕਾਰਡ ਗਿਣਤੀ ਵਿਚ ਖਿਡਾਰੀਆਂ ਨੇ ਭਾਗ ਲਿਆ, ਜੋ ਰਾਜ ਵਿਚ ਬੈਡਮਿੰਟਨ ਦੀ ਵੱਧ ਰਹੀ ਲੋਕਪਿ੍ਯਤਾ ਨੂੰ ਦਰਸਾਉਂਦਾ ਹੈ | ਸਾਰੇ ਜੇਤੂਆਂ ਨੂੰ ਨਕਦ ਇਨਾਮ, ਟਰਾਫੀਆਂ ਤੇ ਹੋਰ ਆਕਰਸ਼ਕ ਇਨਾਮਾਂ ਨਾਲ ਸਨਮਾਨਿਤ ਕੀਤਾ | ਇਸ ਮੌਕੇ ਐਸੋਸੀਏਸ਼ਨ ਦੇ ਅਧਿਕਾਰੀ ਧੀਰਜ ਸ਼ਰਮਾ, ਮਿਯੰਕ ਬਹਿਲ, ਸ਼ਮਸ਼ੇਰ ਸੰਧੂ ਤੇ ਨਰੇਸ਼ ਬੁਧੀਆ ਵੀ ਮੌਜੂਦ ਸਨ | ਟੂਰਨਾਮੈਂਟ ਦੇ ਫਾਈਨਲ ਨਤੀਜੇ ਇਸ ਪ੍ਰਕਾਰ ਰਹੇ | ਅੰਡਰ-13 ਗਰਲਜ਼ ਡਬਲਜ਼ ਵਿਚ ਨਿਮਰਤ ਕੌਰ ਮਾਨ ਤੇ ਸਮਾਇਰਾ ਅਗਰਵਾਲ ਜੇਤੂ ਰਹੀਆਂ, ਜਦਕਿ ਜਾਪਲੀਨ ਕੌਰ ਤੇ ਤਾਨੀਆ ਧੀਮਾਨ ਉਪ-ਜੇਤੂ ਰਹੀਆਂ | ਅਲੀਆਨਾ ਗੋਇਲ ਤੇ ਵਰਾਨਿਆ ਸੋਨੀ ਅਤੇ ਆਨਿਆ ਤਿਵਾਰੀ ਤੇ ਜਿਆੰਸ਼ੀ ਸ਼ਰਮਾ ਤੀਜੇ ਸਥਾਨ 'ਤੇ ਰਹੀਆਂ | ਅੰਡਰ-13 ਲੜਕੇ ਡਬਲਜ਼ ਵਿਚ ਹਿਮਾਂਸ਼ੂ ਕੁਮਾਰ ਤੇ ਕਿਯਾਨ ਅਰੋੜਾ ਜੇਤੂ ਬਣੇ, ਧਰੁਵ ਸੈਣੀ ਤੇ ਕਬੀਰ ਮਹਾਜਨ ਉਪ-ਜੇਤੂ ਰਹੇ, ਜਦਕਿ ਰੈਬਿਗੁਏਲ ਅੰਜੀ ਤੇ ਯੁਵਨ ਬੰਸਲ ਅਤੇ ਅਥਰਵ ਮਹਾਜਨ ਤੇ ਜਪਮਨਜੋਤ ਸਿੰਘ ਧਾਮੀ ਤੀਜੇ ਸਥਾਨ 'ਤੇ ਰਹੇ | ਅੰਡਰ-13 ਸਿੰਗਲਜ਼ ਵਿਚ ਸਮਾਇਰਾ ਅਗਰਵਾਲ ਨੇ ਲੜਕੀਆਂ ਦਾ ਖਿਤਾਬ ਜਿੱਤਿਆ, ਨਿਮਰਤ ਕੌਰ ਮਾਨ ਉਪ-ਜੇਤੂ ਰਹੀ, ਜਦਕਿ ਅਲੀਆਨਾ ਗੋਇਲ ਤੇ ਜਿਆੰਸ਼ੀ ਸ਼ਰਮਾ ਤੀਜੇ ਸਥਾਨ 'ਤੇ ਰਹੀਆਂ | ਲੜਕਿਆਂ ਵਿਚ ਰੈਬਿਗੁਏਲ ਅੰਜੀ ਜੇਤੂ, ਰਿਆਨ ਸਿੰਗਲਾ ਉਪ-ਜੇਤੂ ਤੇ ਕਿਯਾਨ ਅਰੋੜਾ ਤੇ ਯੁਵਨ ਬਾਂਸਲ ਤੀਜੇ ਸਥਾਨ 'ਤੇ ਰਹੇ | ਅੰਡਰ-11 ਗਰਲਜ਼ ਡਬਲਜ਼ ਵਿਚ ਆਨਿਆ ਤਿਵਾਰੀ ਤੇ ਨਿਤਾਰਾ ਸ਼ਰਮਾ ਜੇਤੂ ਰਹੀਆਂ, ਜਦਕਿ ਅਨਿਕਾ ਸ਼ਰਮਾ ਤੇ ਗੁਰਸੀਰਤ ਚਾਹਲ ਉਪ-ਜੇਤੂ ਰਹੀਆਂ | ਗਾਨਿਆ ਅਗਰਵਾਲ ਤੇ ਸੁੰਦਰ ਕੌਰ ਨਾਮਧਾਰੀ ਅਤੇ ਏਵਾਨੀ ਤੇ ਸੁਹਾਵੀ ਕੌਰ ਤੀਜੇ ਸਥਾਨ 'ਤੇ ਰਹੀਆਂ | ਅੰਡਰ-11 ਲੜਕੇ ਡਬਲਜ਼ ਵਿਚ ਮਾਧਵ ਜੱਗਾ ਤੇ ਵੰਸ਼ ਸ਼ਰਮਾ ਜੇਤੂ ਬਣੇ, ਅਰਿਹੰਤ ਗੋਇਲ ਤੇ ਅਯਾਨ ਸੁਖੀਜਾ ਉਪ-ਜੇਤੂ ਰਹੇ, ਜਦਕਿ ਜੀਸ਼ਾਨ ਕਪੂਰ ਤੇ ਕਬੀਰ ਸ਼ਰਮਾ ਅਤੇ ਗਰਵ ਅਗਰਵਾਲ ਤੇ ਨਿਕੇਤ ਮਹਾਜਨ ਤੀਜੇ ਸਥਾਨ 'ਤੇ ਰਹੇ | ਅੰਡਰ-11 ਸਿੰਗਲਜ਼ ਵਿਚ ਆਨਿਆ ਤਿਵਾਰੀ ਨੇ ਲੜਕੀਆਂ ਦਾ ਖਿਤਾਬ ਜਿੱਤਿਆ, ਨਿਤਾਰਾ ਸ਼ਰਮਾ ਉਪ-ਜੇਤੂ ਰਹੀ, ਜਦਕਿ ਅਨਿਕਾ ਸ਼ਰਮਾ ਤੇ ਸਮਰੀਤ ਕੌਰ ਤੀਜੇ ਸਥਾਨ 'ਤੇ ਰਹੀਆਂ | ਲੜਕਿਆਂ ਵਿਚ ਅਯਾਨ ਸੁਖੀਜਾ ਜੇਤੂ, ਨਿਕੇਤ ਮਹਾਜਨ ਉਪ-ਜੇਤੂ ਤੇ ਮਾਧਵ ਜੱਗਾ ਤੇ ਅਰਿਹੰਤ ਗੋਇਲ ਤੀਜੇ ਸਥਾਨ 'ਤੇ ਰਹੇ |