ਨਕੋਦਰ, 26 ਅਪ੍ਰੈਲ (ਗੁਰਵਿੰਦਰ ਸਿੰਘ)-ਦਿਹਾਤੀ ਮਜ਼ਦੂਰ ਸਭਾ ਦੇ ਦਫ਼ਤਰ ਵਿਖੇ ਮਜ਼ਦੂਰ, ਕਿਸਾਨ, ਤਰਕਸ਼ੀਲ ਸੁਸਾਇਟੀ, ਮੁਲਾਜ਼ਮ ਤੇ ਨੌਜਵਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਫ਼ੈਸਲਾ ਕੀਤਾ ਗਿਆ ਕਿ ਮਜ਼ਦੂਰ ਜਮਾਤ ਦਾ ਇਨਕਲਾਬੀ ਦਿਹਾੜਾ ਸਾਂਝੇ ਤੌਰ 'ਤੇ ਬਿਜਲੀ ਘਰ ਨਕੋਦਰ ਵਿਖੇ ਮਨਾਇਆ ਜਾਵੇਗਾ ਅਤੇ ਸ਼ਹਿਰ 'ਚ ਸੂਹਾ ਮਾਰਚ ਕੀਤਾ ਜਾਵੇਗਾ | ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਹਰਪਾਲ ਬਿੱਟੂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੋਹਨ ਸਿੰਘ ਬੱਲ, ਜਮਹੂਰੀ ਕਿਸਾਨ ਸਭਾ ਦੇ ਮਨੋਹਰ ਸਿੰਘ ਗਿੱਲ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਪਿ੍ੰਸੀਪਲ ਮਨਜੀਤ ਸਿੰਘ, ਪੈਨਸ਼ਨਰ ਐਸੋਸੀਏਸ਼ਨ ਦੇ ਨਿਰਮਲ ਸਿੰਘ ਜਹਾਂਗੀਰ, ਫੀਲਡ ਐਂਡ ਵਰਕਸ਼ਾਪ ਪੀ ਡਬਲਿਊ. ਡੀ. ਦੇ ਆਗੂ ਧਰਮਿੰਦਰ ਕੁਮਾਰ ਤੇ ਮਨਰੇਗਾ ਯੂਨੀਅਨ ਪੰਜਾਬ ਦੇ ਚਰਨਜੀਤ ਥੰਮੂਵਾਲ ਆਦਿ ਸਾਥੀ ਸ਼ਾਮਿਲ ਹੋਏ | ਆਗੂਆਂ ਨੇ ਕਿਹਾ ਕਿ ਸੰਸਾਰ ਸਰਮਾਏਦਾਰੀ ਵਲੋਂ ਜਿਥੇ, ਦੁਨੀਆਂ ਭਰ ਵਿਚ ਮਜ਼ਦੂਰ ਜਮਾਤ ਦੇ ਹੱਕਾਂ 'ਤੇ ਧਾਵਾ ਬੋਲਿਆ ਹੋਇਆ ਉਥੇ ਭਾਰਤ ਅੰਦਰ ਮੋਦੀ ਹਕੂਮਤ ਵਲੋਂ ਚਾਰ ਲੇਬਲ ਕੋਡਜ ਲਾਗੂ ਕਰਕੇ ਸਾਮਰਾਜੀ/ ਸਰਮਾਏਦਾਰੀ ਅੱਗੇ ਮਜ਼ਦੂਰਾਂ ਨੂੰ ਨਿਹੱਥੇ ਕਰਕੇ ਸੁੱਟ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਪਹਿਲਾਂ 12 ਘੰਟੇ ਦੀ ਕੰਮ ਦਿਹਾੜੀ ਦੇ ਕਾਨੂੰਨ 'ਤੇ ਮੋਹਰ ਲਾ ਕੇ ਦੱਸ ਦਿੱਤਾ ਹੈ ਕਿ ਇਹ ਸਰਕਾਰ ਵੀ ਸਾਮਰਾਜੀ ਆਰਥਿਕ ਨੀਤੀਆਂ ਨੂੰ ਧੜੱਲੇ ਨਾਲ ਲਾਗੂ ਕਰਨ 'ਚ ਕਿਸੇ ਤੋਂ ਪਿੱਛੇ ਨਹੀਂ ਹੈ |