ਕਪੂਰਥਲਾ, 27 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)-ਆਰ. ਸੀ. ਐਫ. ਢੁੱਡੀਆਂਵਾਲ ਵਿਖੇ ਪੈਟਰੋਲ ਪੰਪ ਦੇ ਨੇੜੇ ਬੀਤੀ ਦੇਰ ਰਾਤ ਰਸਤੇ 'ਚ ਖੜ੍ਹੇ ਲੱਕੜ ਨਾਲ ਭਰੇ ਟਰੈਕਟਰ ਟਰਾਲੀ 'ਚ ਮੋਟਰਸਾਈਕਲ ਵੱਜਣ ਕਾਰਨ ਮੋਟਰਸਾਈਕਲ ਚਾਲਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਸੜਕ ਸੁਰੱਖਿਆ ਫੋਰਸ ਨੇ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਇਸ ਸੰਬੰਧੀ ਥਾਣਾ ਭੁਲਾਣਾ ਦੇ ਇੰਚਾਰਜ ਪਾਲ ਸਿੰਘ ਨੇ ਦੱਸਿਆ ਕਿ ਮਿ੍ਤਕ ਵਿਅਕਤੀ ਦੇ ਭਰਾ ਸੁਖਵਿੰਦਰ ਸਿੰਘ ਨੇ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਭਰਾ ਦਵਿੰਦਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਮੈਰੀਪੁਰ ਜੋ ਕਿ ਆਪਣੇ ਮੋਟਰਸਾਈਕਲ 'ਤੇ ਕਪੂਰਥਲਾ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ, ਮੈਂ ਵੀ ਉਸ ਦੇ ਪਿੱਛੇ ਮੋਟਰਸਾਈਕਲ 'ਤੇ ਆ ਰਿਹਾ ਸੀ | ਜਦੋਂ ਉਹ ਢੁੱਡੀਆਂਵਾਲ ਪੈਟਰੋਲ ਪੰਪ ਨੇੜੇ ਪਹੁੰਚਿਆਂ ਤਾਂ ਰਾਸਤੇ 'ਚ ਲੱਕੜਾਂ ਨਾਲ ਲੱਦਿਆ ਹੋਇਆ ਟਰੈਕਟਰ ਟਰਾਲੀ ਗਲਤ ਸਾਈਡ 'ਤੇ ਖੜ੍ਹਾ ਸੀ ਤੇ ਉਸ ਵਿਚ ਲੱਦਿਆ ਲੱਕੜਾਂ ਵੀ ਬਾਹਰ ਸਨ | ਜਿਸ 'ਚ ਮੇਰੇ ਭਰਾ ਦਾ ਮੋਟਰਸਾਈਕਲ ਵੱਜਾ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ | ਬਾਅਦ 'ਚ ਟਰੈਕਟਰ ਚਾਲਕ ਦੀ ਪਹਿਚਾਣ ਸੰਦੀਪ ਸਿੰਘ ਪੁੱਤਰ ਗੁਰਨਾਮ ਸਿੰਘ ਵਜੋਂ ਹੋਈ | ਜਿਸ 'ਤੇ ਥਾਣਾ ਸਦਰ ਪੁਲਿਸ ਨੇ ਟਰੈਕਟਰ ਚਾਲਕ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |