ਕਪੂਰਥਲਾ, 27 ਅਪ੍ਰੈਲ (ਅਮਰਜੀਤ ਕੋਮਲ)-ਬੌਧਿਕ ਸੰਪਦਾ ਦਾ ਅਧਿਕਾਰ ਨੌਜਵਾਨਾਂ 'ਚ ਨਵੀਨਤਾ ਤੇ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਦਾ ਹੈ | ਇਹ ਪ੍ਰਗਟਾਵਾ ਡਾ. ਰਜੇਸ਼ ਗਰੋਵਰ ਡਾਇਰੈਕਟਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨੇ ਵਿਸ਼ਵ ਬੌਧਿਕ ਸੰਪਦਾ ਦਿਵਸ 'ਤੇ ਸਾਇੰਸ ਸਿਟੀ 'ਚ ਕਰਵਾਏ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਬੌਧਿਕ ਸੰਪਦਾ ਦਾ ਅਧਿਕਾਰ ਰਚਨਕਾਰਾਂ ਤੇ ਖੋਜਕਾਰਾਂ ਦੇ ਕੰਮ ਨੂੰ ਮਾਨਤਾ ਤੇ ਲਾਭ ਦਿੰਦਾ ਹੈ, ਜਿਸ ਨਾਲ ਉਹ ਆਪਣੀ ਜੀਵਿਕਾ ਕਮਾਉਣ ਦੇ ਸਮਰੱਥ ਬਣਦੇ ਹਨ | ਉਨ੍ਹਾਂ ਕਿਹਾ ਕਿ ਖੇਡਾਂ 'ਚ ਨਵੀਆਂ ਨਵੀਆਂ ਤਕਨੀਕਾਂ ਤੋਂ ਲੈ ਕੇ ਆਧੁਨਿਕ ਉਪਕਰਨਾ, ਨਵੇਂ-ਨਵੇਂ ਡਿਜਾਇਨ ਤੇ ਬਰੈਂਡਾ ਤੱਕ ਖੇਡ ਸੱਭਿਆਚਾਰ ਨੂੰ ਆਧੁਨਿਕ ਦਿੱਖ ਦੇਣ 'ਚ ਬੌਧਿਕ ਸੰਪਦਾ ਅਧਿਕਾਰ ਅਹਿਮ ਭੂਮਿਕਾ ਨਿਭਾਉਂਦਾ ਹੈ ਜੋ ਵਿਸ਼ਵ ਪੱਧਰ 'ਤੇ ਲੋਕਾਂ ਨੂੰ ਆਪਸ ਵਿਚ ਜੋੜਦੀ ਤੇ ਪ੍ਰੇਰਿਤ ਕਰਦੀ ਹੈ | ਸੈਮੀਨਾਰ 'ਚ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ ਡਾ. ਹਰਿਕਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਵਿਦਿਆਰਥੀਆਂ ਆਪਣੀਆਂ ਯੁਗਤਾ ਤੇ ਵਿਚਾਰਾਂ ਨੂੰ ਬੌਧਿਕ ਸੰਪਦਾ ਦੇ ਅਧਿਕਾਰ ਨੂੰ ਸੁਰੱਖਿਅਤ ਰੱਖ ਸਕਦੇ ਹਨ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਪੇਟੈਂਟ ਦੀ ਪ੍ਰਕਿਰਿਆ ਇਕ ਨਵੀਂ ਖੋਜ ਤੇ ਉਸਦੇ ਲਾਭਾਂ ਦੇ ਪਹਿਚਾਣ ਨਾਲ ਸ਼ੁਰੂ ਹੁੰਦੀ ਹੈ ਤੇ ਇਸ ਤੋਂ ਬਾਅਦ ਅਸਲੀਅਤ ਨੂੰ ਯਕੀਨੀ ਬਣਾਉਣ ਲਈ ਮੌਜੂਦਾ ਤੱਥਾਂ ਦੀ ਅੱਗੇ ਦੀ ਖ਼ੋਜ ਕੀਤੀ ਜਾਂਦੀ ਹੈ | ਉਨ੍ਹਾਂ ਬੌਧਿਕ ਸੰਪਦਾ ਦੇ ਅਧਿਕਾਰ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਕਿ ਟਰੇਡ ਮਾਰਕ, ਕਾਪੀ ਰਾਈਟ ਤੇ ਵਿਅਕਤੀਗਤ ਅਧਿਕਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਨੇ ਬੌਧਿਕ ਸੰਪਦਾ ਦੇ ਅਧਿਕਾਰ ਰਾਹੀਂ ਆਪਣੇ ਵਿਚਾਰਾਂ ਨੂੰ ਸੁਰੱਖਿਅਤ ਕਰਦਿਆਂ ਪ੍ਰਭਾਵਸ਼ਾਲੀ ਹੱਲ ਵਿਚ ਤਬਦੀਲ ਕਰਨ ਲਈ ਪੇ੍ਰਰਿਤ ਕੀਤਾ | ਸੈਮੀਨਾਰ 'ਚ ਪੰਜਾਬ ਦੇ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ 200 ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕਾਵਾਂ ਨੇ ਸ਼ਮੂਲੀਅਤ ਕੀਤੀ |