ਬੇਗੋਵਾਲ, 1 ਮਈ (ਸੁਖਜਿੰਦਰ ਸਿੰਘ)-ਬੀਤੇ ਦਿਨ ਸੀ.ਬੀ.ਐੱਸ.ਸੀ. ਵੇਲੋਂ ਐਲਾਨੇ ਗਏ ਨਤੀਜੇ ਵਿਚ ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਵਲੋਂ ਪਿਛਲੇ ਦਿਨੀਂ ਦਸਵੀਂ ਜਮਾਤ ਦੇ ਆਏ ਨਤੀਜਿਆਂ ਵਿਚੋਂ ਅੱਵਲ ਰਹੇ ਵਿਦਿਆਰਥੀਆਂ ਦੇ ਸਨਮਾਨ ਵਿਚ ਸਮਾਗਮ ਰੱਖਿਆ ਗਿਆ | ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੇ 98 ਪ੍ਰਤੀਸ਼ਤ ਤੱਕ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਨ੍ਹਾਂ ਨਤੀਜਿਆਂ ਸਕੂਲ ਦੇ ਹੋਣਹਾਰ ਵਿਦਿਆਰਥੀ ਰਾਜਵੀਰ ਸਿੰਘ ਨੇ 91 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਗੁਰਵੀਰ ਸਿੰਘ ਨੇ 90.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਤੇ ਕਮਲਜੀਤ ਕੌਰ ਨੇ 90.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਹੋਰ ਕਈ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿਚ ਉੱਚ ਅੰਕ ਪ੍ਰਾਪਤ ਕੀਤੇ | ਇਸੇ ਤਰ੍ਹਾਂ ਕਮਲਪ੍ਰੀਤ ਕੌਰ (89.4 ਪ੍ਰਤੀਸ਼ਤ), ਮਨਵੀਰ ਕੌਰ (88.8 ਪ੍ਰਤੀਸ਼ਤ), ਨਵਨੀਤ ਕੌਰ (88.2 ਪ੍ਰਤੀਸ਼ਤ), ਮਨਜੋਤ ਕੌਰ (87.2 ਪ੍ਰਤੀਸ਼ਤ) ਤੇ ਸਾਹਿਬਜੀਤ ਸਿੰਘ (85.4 ਪ੍ਰਤੀਸ਼ਤ) ਨੇ ਚੰਗੇ ਅੰਕ ਪ੍ਰਾਪਤ ਕੀਤੇ | ਇਸ ਸ਼ਾਨਦਾਰ ਉਪਲਬਧੀ ਮੌਕੇ ਸਕੂਲ ਦੇ ਚੇਅਰਮੈਨ ਸਰਦਾਰ ਜਸਬੀਰ ਸਿੰਘ ਤੇ ਪਿ੍ੰਸੀਪਲ ਦਾਮਿਨੀ ਸ਼ਰਮਾ ਨੇ ਜਿੱਥੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤੇ ਉੱਥੇ ਹੀ ਸਾਰੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਦਿਲੋਂ ਵਧਾਈ ਦਿੱਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਵਿਦਿਆਰਥੀ ਭਵਿੱਖ ਵਿਚ ਵੀ ਇਸੇ ਤਰ੍ਹਾਂ ਉੱਚੇ ਮਿਆਰ ਕਾਇਮ ਕਰਨਗੇ ਅਤੇ ਆਪਣੇ ਗਿਆਨ ਨਾਲ ਆਪਣੇ ਸਕੂਲ ਪਰਿਵਾਰ ਅਤੇ ਸਮਾਜ ਦਾ ਨਾਮ ਵੀ ਰੌਸ਼ਨ ਕਰਨਗੇ | ਇਸ ਮੌਕੇ ਚੇਅਰਮੈਨ ਜਸਬੀਰ ਸਿੰਘ ਨੇ ਸਮੂਹ ਸਟਾਫ਼ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੀ ਮਿਹਨਤ ਸਦਕਾ ਵਿਦਿਆਰਥੀਆਂ ਨੇ ਚੰਗੇ ਨੰਬਰ ਹਾਸਲ ਕਰਕੇ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ |