ਫਗਵਾੜਾ, 2 ਮਈ (ਹਰਜੋਤ ਸਿੰਘ ਚਾਨਾ)- ਫਗਵਾੜਾਹੁਸ਼ਿਆਰਪੁਰ ਰੋਡ ਤੋਂ ਸ੍ਰੀ ਹਰਗੋਬਿੰਦਗੜ੍ਹ ਰਾਹੀਂ ਢੱਕ ਪਲਾਹੀ ਨੂੰ ਜਾਣ ਵਾਲੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਸ੍ਰੀ ਹਰਗੋਬਿੰਦਗੜ੍ਹ ਭੋਗਪੁਰ 'ਚ ਸੰਤ ਬਾਬਾ ਤਲਵਿੰਦਰ ਸਿੰਘ ਜੀ ਪਰਮੇਸ਼ਰ ਜੀ ਦੀ ਹਾਜ਼ਰੀ 'ਚ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਕੀਤਾ | ਉਨ੍ਹਾਂ ਕਿਹਾ ਕਿ ਇਹ ਸੜਕ 2.75 ਕਿੱਲੋਮੀਟਰ ਲੰਬੀ ਤੇ 18 ਫੁੱਟ ਚੌੜੀ ਬਣੇਗੀ, ਜਿਸ 'ਤੇ ਲਗਭਗ 1.57 ਕਰੋੜ ਦੀ ਲਾਗਤ ਆਏਗੀ | ਉਨ੍ਹਾਂ ਕਿਹਾ ਕਿ ਫਗਵਾੜਾ ਸਬ ਡਵੀਜ਼ਨ ਦੇ ਸਰਬਪੱਖੀ ਵਿਕਾਸ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਤੇ ਵਿਕਾਸ ਦੇ ਮਾਮਲੇ 'ਚ ਫਗਵਾੜਾ ਨੂੰ ਸੂਬੇ 'ਚ ਅੱਗੇ ਲਿਆਂਦਾ ਜਾਵੇਗਾ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਲੋਕ ਹਿਤ 'ਚ ਯੋਗ ਧਿਆਨ ਨਹੀਂ ਦਿੱਤਾ ਗਿਆ, ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ਹਿਰੀ ਅਤੇ ਪਿੰਡਾਂ ਦੇ ਵਿਕਾਸ ਲਈ ਲੋਕਾਂ ਦੀ ਮੰਗ ਅਨੁਸਾਰ ਕੰਮ ਕਰਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਫਗਵਾੜਾ ਦਾ ਹਰ ਕੋਨਾ ਵਿਕਾਸ ਨਾਲ ਜੋੜਿਆ ਜਾਵੇਗਾ | ਉਨ੍ਹਾਂ ਕਿਹਾ ਕਿ ਲੋਕਾਂ ਦੀ ਰਾਏ ਨਾਲ ਹੀ ਹਰ ਪ੍ਰੋਜੈਕਟ ਨੂੰ ਅਮਲੀ ਜਾਮਾ ਪਾਇਆ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਕਈ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ | ਇਸ ਮੌਕੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ, ਲੇਖਕ ਗੁਰਮੀਤ ਪਲਾਹੀ, ਮਾਰਕਫੈੱਡ ਦੇ ਚੇਅਰਮੈਨ ਜਸਪਾਲ ਸਿੰਘ ਤੇ ਆਪ ਦੇ ਸੰਗਠਨ ਇੰਚਾਰਜ ਗੁਰਦੀਪ ਦੀਪਾ ਵੀ ਹਾਜ਼ਰ ਸਨ |