ਸੁਲਤਾਨਪੁਰ ਲੋਧੀ, 3 ਮਈ (ਪ.ਪ. ਰਾਹੀਂ)-ਪਿੰਡ ਦਰੀਏਵਾਲ ਤੋਂ ਸਾਬੂਵਾਲ ਨੂੰ ਜਾਣ ਵਾਲੀ ਸੜਕ ਉੱਪਰ ਬਰਸਾਤੀ ਡਰੇਨ ਤੇ ਬਣੀ ਪੁਲੀ ਜੋ ਕਿ ਪਿਛਲੇ ਸਮੇਂ ਦੌਰਾਨ ਢਹਿ ਢੇਰੀ ਹੋ ਗਈ ਸੀ, ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਕਪੂਰਥਲਾ ਵਾਲੇ ਪਾਸੇ ਜਾਣ ਲਈ ਵੱਡੀ ਦਿੱਕਤ ਆ ਰਹੀ ਸੀ | ਇਲਾਕਾ ਨਿਵਾਸੀਆਂ ਦੀ ਦਿੱਕਤ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਨਿੱਜੀ ਦਿਲਚਸਪੀ ਲੈਂਦਿਆਂ ਨਵੀਂ ਪੁਲੀ ਮਨਜ਼ੂਰ ਕਰਵਾ ਕੇ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤੇ | ਇਸ ਮੌਕੇ ਪਿੰਡ ਦਰੀਏਵਾਲ ਦੇ ਸਰਪੰਚ ਬਲਜਿੰਦਰ ਸਿੰਘ ਪਾਲਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਬਲਾਕ ਅੰਦਰ ਸਾਰੀਆਂ ਸੜਕਾਂ ਉੱਪਰ ਪ੍ਰੀਮਿਕਸ ਪਾਇਆ ਜਾ ਰਿਹਾ ਹੈ ਅਤੇ ਨਵੀਆਂ ਸੜਕਾਂ ਮਨਜ਼ੂਰ ਕਰਵਾ ਕੇ ਉਨ੍ਹਾਂ ਦਾ ਕੰਮ ਵੀ ਜ਼ੰਗੀ ਪੱਧਰ ਤੇ ਚੱਲ ਰਿਹਾ ਹੈ | ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਵੀ ਪਿੰਡ ਨਵੀਂ ਸੜਕ ਬਣਨ ਵਾਲੀ ਹੈ ਤਾਂ ਉਹ ਤੁਰੰਤ ਉਨ੍ਹਾਂ ਦੇ ਧਿਆਨ ਵਿਚ ਲਿਆਂਦੀ ਜਾਵੇ | ਉਨ੍ਹਾਂ ਨੇ ਕਿਹਾ ਕਿ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਹ ਪੁਲੀ ਬਹੁਤ ਜ਼ਲਦੀ ਤਿਆਰ ਹੋ ਜਾਵੇਗੀ | ਉਨ੍ਹਾਂ ਨੇ ਦਰੀਏਵਾਲ ਦੇ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ |ਇਸ ਮੌਕੇ ਸੀਨੀਅਰ ਆਪ ਆਗੂ ਅਤੇ ਸਰਪੰਚ ਬਲਜਿੰਦਰ ਸਿੰਘ ਪਾਲਾ ਨੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਇਸ ਪੁਲੀ ਦੇ ਨਿਰਮਾਣ ਕਾਰਜ ਸ਼ੁਰੂ ਹੋਏ ਹਨ | ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਗ੍ਰਾਂਟਾਂ ਨਾਲ਼ ਪਿੰਡ ਦਰੀਏਵਾਲ ਵਿਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਇਸ ਮੌਕੇ ਬਲਾਕ ਪ੍ਰਧਾਨ ਦਿਲਪ੍ਰੀਤ ਸਿੰਘ ਟੋਡਰਵਾਲ, ਮੰਗਲ ਸਿੰਘ, ਸੀਤਲ ਸਿੰਘ, ਬਲਕਾਰ ਸਿੰਘ, ਅਮਰਜੀਤ ਸਿੰਘ ਰਾਣਾ, ਪੰਚ ਕੁਲਵਿੰਦਰ ਸਿੰਘ, ਪੰਚ ਬਲਵੀਰ ਸਿੰਘ, ਹਰਪ੍ਰੀਤ ਸਿੰਘ, ਮਨਿੰਦਰ ਸਿੰਘ, ਸਾਬਕਾ ਸਰਪੰਚ ਪੰਚ ਰਣਜੀਤ ਸਿੰਘ ਰਾਣਾ, ਸਾਬਕਾ ਸਰਪੰਚ ਚਰਨਜੀਤ ਕੌਰ, ਅੰਮਿ੍ਤ ਸਿੰਘ, ਮਨੀ ਦਰੀਏਵਾਲ, ਚਰਨਜੀਤ ਸਿੰਘ ਆਦਿ ਹਾਜ਼ਰ ਸਨ |