ਹੁਸੈਨਪੁਰ, 15 ਮਈ (ਤਰਲੋਚਨ ਸਿੰਘ ਸੋਢੀ)-ਕੋਸ਼ਿਸ਼ ਖ਼ੂਨਦਾਨ ਸੰਸਥਾ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਖ਼ੂਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਹਮੇਸ਼ਾ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਂਦੇ ਹਨ | ਇਸੇ ਉਪਰਾਲਿਆਂ ਤਹਿਤ ਕੋਸ਼ਿਸ਼ ਖ਼ੂਨਦਾਨ ਸੰਸਥਾ ਆਰ.ਸੀ.ਐਫ਼. ਵਲੋਂ ਸਿਵਲ ਹਸਪਤਾਲ ਕਪੂਰਥਲਾ ਬਲੱਡ ਕੇਅਰ ਸੈਂਟਰ ਦੀ ਟੀਮ ਅਤੇ ਲਾਲਾ ਲਾਜਪਤ ਰਾਏ ਹਸਪਤਾਲ ਰੇਲ ਕੋਚ ਫ਼ੈਕਟਰੀ ਦੀ ਚੀਫ਼ ਮੈਡੀਕਲ ਅਫ਼ਸਰ ਲੱਥਾ ਐਨ ਰਾਮਾਲਿੰਗਮ ਦੇ ਵਿਸ਼ੇਸ਼ ਸਹਿਯੋਗ ਨਾਲ ਅੱਜ 16 ਮਈ ਦਿਨ ਸ਼ਨੀਵਾਰ ਨੂੰ ਸਵੇਰੇ 9.30 ਵਜੇ ਤੋਂ 1. 30 ਵਜੇ ਤੱਕ ਲਾਲਾ ਲਾਜਪਤ ਰਾਏ ਹਸਪਤਾਲ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਖੇ 20ਵਾਂ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਰਵੀ ਕੁਮਾਰ ਚੀਫ਼ ਮਕੈਨੀਕਲ ਇੰਜੀਨੀਅਰ ਵਲੋਂ ਕੀਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਸ਼ਿਸ਼ ਖ਼ੂਨਦਾਨ ਸੰਸਥਾ ਆਰ.ਸੀ.ਐਫ ਕਪੂਰਥਲਾ ਦੇ ਪ੍ਰਧਾਨ ਹਰਪਾਲ ਸਿੰਘ ਤੇ ਜਨਰਲ ਸਕੱਤਰ ਇੰਜੀਨੀਅਰ ਜੀਤ ਸਿੰਘ ਨੇ ਦੱਸਿਆ ਕਿ ਉਕਤ ਸੰਸਥਾ ਵਲੋਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਥੇਲੇਸੀਮੀਆਂ ਅਤੇ ਹੋਰ ਗੰਭੀਰ ਬਿਮਾਰੀਆਂ ਵਿਚ ਖ਼ੂਨ ਦੀ ਕਮੀ ਪੂਰੀ ਕਰਨ ਲਈ ਬੀਤੀ ਫਰਵਰੀ ਵਿਚ ਵੀ ਸਿਵਲ ਹਸਪਤਾਲ ਕਪੂਰਥਲਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ ਸੀ, ਜਦਕਿ ਅੱਜ ਆਰ. ਸੀ. ਐਫ਼. ਵਿਖੇ ਖ਼ੂਨਦਾਨ ਕੈਂਪ ਲਗਾ ਕੇ ਲੋੜੀਂਦਾ ਖ਼ੂਨ ਇਕੱਠਾ ਕਰਕੇ ਕੀਮਤੀ ਜਾਨਾਂ ਨੂੰ ਬਚਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾਵੇਗਾ | ਉਨ੍ਹਾਂ ਰੇਲ ਕੋਚ ਫ਼ੈਕਟਰੀ ਅਤੇ ਆਲੇ ਦੁਆਲੇ ਦੇ ਸਮੂਹ ਖ਼ੂਨਦਾਨ ਕਰਨ ਵਾਲੇ ਸਹਿਯੋਗੀ ਸੱਜਣਾਂ ਨੂੰ ਇਸ ਕੈਂਪ ਵਿਚ ਪਹੁੰਚ ਕੇ ਵੱਧ ਤੋਂ ਵੱਧ ਖ਼ੂਨਦਾਨ ਕਰਨ ਲਈ ਅਪੀਲ ਕੀਤੀ | ਖ਼ੂਨਦਾਨ ਕਰਨ ਵਾਲੇ ਖ਼ੂਨਦਾਨੀਆਂ ਲਈ ਖਾਣ ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ | ਇਸ ਕੈਂਪ ਨੂੰ ਸਫਲ ਬਣਾਉਣ ਵਿਚ ਸੰਸਥਾ ਦੇ ਖ਼ਜ਼ਾਨਚੀ ਸ੍ਰੇਸ਼ਟ ਅਰੋੜਾ, ਕਮਲਪ੍ਰੀਤ ਸਿੰਘ, ਕਮਲ, ਕੁਲਦੀਪ ਸਿੰਘ, ਵਰਿੰਦਰ ਕੁਮਾਰ, ਟੇਕ ਚੰਦ, ਹੰਸਰਾਜ, ਗੁਰਮੁਖ ਸਿੰਘ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ |