ਸੁਲਤਾਨਪੁਰ ਲੋਧੀ, 21 ਮਈ (ਪ.ਪ.)-ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਵਾਰਡ ਨੰਬਰ 12 ਤੋਂ ਰਾਜ ਸਭਾ ਮੈਂਬਰ ਸੰਤ ਬਾਬਾ ਸਿੰਘ ਸੀਚੇਵਾਲ ਪਾਸੋਂ ਆਸ਼ੀਰਵਾਦ ਲੈ ਕੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਨਿੱਤਰੀ ਗਤਕਾ ਕੋਚ ਗੁਰਵਿੰਦਰ ਕੌਰ ਦੇ ਹੱਕ ਵਿਚ ਵਾਰਡ ਵਾਸੀ ਖਾਸ ਕਰਕੇ ਵਾਤਾਵਰਣ ਪ੍ਰੇਮੀ ਖੁੱਲ੍ਹਕੇ ਮੈਦਾਨ ਵਿਚ ਨਿੱਤਰ ਆਏ ਹਨ | ਗੁਰਵਿੰਦਰ ਵਲੋਂ ਵਾਰਡ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਸੰਤ ਸੀਚੇਵਾਲ ਵਲੋਂ ਆਰੰਭੇ ਲੋਕ ਭਲਾਈ ਮਿਸ਼ਨ ਪ੍ਰਤੀ ਜਾਗਰੂਕ ਕਰਦੇ ਹੋਏ ਸਾਫ਼-ਸੁਥਰੇ ਤੇ ਹਰਿਆਲੀ ਵਾਲੇ ਵਾਤਾਵਰਣ ਲਈ ਸਮਰਥਨ ਦੀ ਅਪੀਲ ਕੀਤੀ ਜਾ ਰਹੀ ਹੈ | ਵਾਤਾਵਰਣ ਪ੍ਰੇਮੀਆਂ ਨੇ ਕਿਹਾ ਕਿ ਇਲਾਕੇ ਚ' ਰਾਜ ਸਭਾ ਮੈਂਬਰ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਸਫ਼ਾਈ, ਹਰਿਆਵਲੀ ਅਤੇ ਪ੍ਰਦੂਸ਼ਣ ਮੁਕਤ ਮਾਹੌਲ ਲਈ ਸਿਰਜੇ ਵਾਤਾਵਰਣ ਨੂੰ ਕਾਇਮ ਰੱਖਣ ਅਤੇ ਇਮਾਨਦਾਰ ਨੁਮਾਇੰਦਗੀ ਦੀ ਲੋੜ ਹੈ | ਉਨ੍ਹਾਂ ਨੇ ਦਾਅਵਾ ਕੀਤਾ ਕਿ ਗੁਰਵਿੰਦਰ ਕੌਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉੱਤਰੇਗੀ | ਜ਼ਿਕਰਯੋਗ ਹੈ ਕਿ ਗੁਰਵਿੰਦਰ ਕੌਰ ਨੌਜਵਾਨਾਂ ਤੇ ਬੱਚੇ-ਬੱਚੀਆਂ ਨੂੰ ਸੈੱਲਫ਼ ਡਿਫੈਂਸ ਦੀ ਸਿਖਲਾਈ ਦੇਣ ਲਈ ਅਣਥੱਕ ਮਿਹਨਤ ਕਰ ਰਹੀ ਹੈ | ਉੱਧਰ ਆਪ ਦੇ ਸੀਨੀਅਰ ਆਗੂਆਂ ਰਾਜੀਵ ਧੀਰ, ਜਤਿੰਦਰ ਸੇਠੀ, ਗੁਰਵਿੰਦਰ ਕੌਰ ਨੇ ਕਿਹਾ ਕਿ ਆਪ ਉਮੀਦਵਾਰ ਗੁਰਵਿੰਦਰ ਕੌਰ ਵਾਰਡ ਨੰਬਰ 12 ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ | ਵਾਰਡ ਦੇ ਵੋਟਰਾਂ ਵਿਚ ਭਾਰੀ ਉਤਸ਼ਾਹ ਹੈ |