ਭੁਲੱਥ, 22 ਮਈ (ਮਨਜੀਤ ਸਿੰਘ ਰਤਨ)-ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਦੀ ਪ੍ਰੀਖਿਆ ਵਿਚ ਜ਼ਿਲ੍ਹੇ ਵਿਚੋਂ ਪਹਿਲੇ ਸਥਾਨ ਅਤੇ ਪੰਜਾਬ ਵਿਚ ਛੇਵੇਂ ਰੈਂਕ ਤੇ ਰਹਿਣ ਵਾਲੀ ਸਰਕਾਰੀ ਹਾਈ ਸਕੂਲ ਰਾਮਗੜ੍ਹ (ਭੁਲੱਥ ਬਲਾਕ) ਕਪੂਰਥਲਾ ਦੀ ਵਿਦਿਆਰਥਣ ਮਨਿੰਦਰ ਕੌਰ ਨੂੰ ਸਕੂਲ ਵਿਖੇ ਸਕੂਲ ਪੱਧਰ ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਸਕੂਲ ਹੈੱਡਮਾਸਟਰ ਗੁਰਮੇਲ ਸਿੰਘ ਨੇ ਕਿਹਾ ਕਿ ਸਾਡੇ ਵਾਸਤੇ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੀ ਵਿਦਿਆਰਥਣ ਨੇ ਜ਼ਿਲ੍ਹੇ ਵਿਚੋਂ ਪਹਿਲੇ ਨੰਬਰ ਦਾ ਸਥਾਨ ਹਾਸਿਲ ਕੀਤਾ ਹੈ | ਉਨ੍ਹਾਂ ਇਹ ਕਿਹਾ ਕਿ ਇਹ ਸਾਰਾ ਸਕੂਲ ਦੇ ਮਿਹਨਤੀ ਸਟਾਫ਼ ਅਤੇ ਉਨ੍ਹਾਂ ਦੇ ਮਾਪਿਆਂ ਦੀ ਮਿਹਨਤ ਦਾ ਨਤੀਜਾ ਹੈ | ਇਸ ਖ਼ੁਸ਼ੀ ਦੇ ਮੌਕੇ 'ਤੇ ਪ੍ਰੋਫੈਸਰ ਹਰੀ ਸਿੰਘ ਖਹਿਰਾ ਵਾਸੀ ਰਾਮਗੜ੍ਹ ਵੱਲੋਂ ਵੀ ਨਗਦ ਰਾਸ਼ੀ ਦਾ ਇਨਾਮ ਦਿੱਤਾ ਗਿਆ | ਇਸ ਮੌਕੇ 'ਤੇ ਬਲਾਕ ਨੋਡਲ ਅਫ਼ਸਰ ਮਲਕੀਤ ਸਿੰਘ ਘੋਤੜਾ, ਡੀ.ਡੀ.ਓ. ਗੁਲਜ਼ਾਰ ਸਿੰਘ, ਬੀ. ਆਰ.ਸੀਜ, ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਪਰਵੀਨ ਕੁਮਾਰੀ, ਸਮੂਹ ਸਕੂਲ ਸਟਾਫ਼, ਵਿਦਿਆਰਥੀਆਂ ਦੇ ਪਰਿਵਾਰਿਕ ਮੈਂਬਰ ਅਤੇ ਲਾਗਲੇ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ |