ਕਪੂਰਥਲਾ, 23 ਮਈ (ਅਮਰਜੀਤ ਕੋਮਲ)-ਨਗਰ ਨਿਗਮ ਕਪੂਰਥਲਾ ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀ 26 ਮਈ ਨੂੰ ਹੋਣ ਵਾਲੀ ਚੋਣ ਵਿਚ ਕਪੂਰਥਲਾ ਦੇ 50 ਵਾਰਡਾਂ ਵਿਚ ਬਣੇ 83 ਪੋਿਲੰਗ ਬੂਥਾਂ 'ਤੇ 73373 ਵੋਟਰ ਜਿਨ੍ਹਾਂ ਵਿਚ 35808 ਔਰਤਾਂ ਤੇ 37556 ਮਰਦ ਹਨ, ਜੋ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ | ਇਸੇ ਤਰ੍ਹਾਂ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ 13 ਵਾਰਡਾਂ ਵਿਚ ਬਣੇ 16 ਪੋਿਲੰਗ ਬੂਥਾਂ 'ਤੇ 13285 ਵੋਟਰ ਜਿਨ੍ਹਾਂ ਵਿਚ 6470 ਔਰਤਾਂ ਤੇ 6814 ਮਰਦ ਵੋਟਰ ਆਪਣੀ ਵੋਟ ਪਾਉਣਗੇ | ਇੱਥੇ ਵਰਨਣਯੋਗ ਹੈ ਕਿ ਨਗਰ ਨਿਗਮ ਕਪੂਰਥਲਾ ਦੀ ਚੋਣ ਵਿਚ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ, ਸ਼ੋ੍ਰਮਣੀ ਅਕਾਲੀ ਦਲ, ਬਸਪਾ ਤੇ ਅਕਾਲੀ ਦਲ ਵਾਰਿਸ ਪੰਜਾਬ ਸਮੇਤ ਵੱਡੀ ਗਿਣਤੀ ਵਿਚ ਆਜ਼ਾਦ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ | ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਵਿਚ ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਜਪਾ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਦਰਮਿਆਨ ਤਿਕੋਣੇ ਤੇ ਸਿੱਧੇ ਮੁਕਾਬਲੇ ਹਨ | 26 ਮਈ ਨੂੰ ਹੋਣ ਵਾਲੀ ਇਸ ਚੋਣ ਲਈ 24 ਮਈ ਸ਼ਾਮ 5 ਵਜੇ ਚੋਣ ਪ੍ਰਚਾਰ ਖ਼ਤਮ ਹੋ ਜਾਵੇਗਾ | ਇੱਥੇ ਵਰਨਣਯੋਗ ਹੈ ਕਿ ਨਗਰ ਨਿਗਮ ਕਪੂਰਥਲਾ ਦੀ ਚੋਣ ਵਿਚ 182 ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀ ਚੋਣ ਵਿਚ 55 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ |