ਕਪੂਰਥਲਾ, 12 ਜੂਨ (ਅਮਰਜੀਤ ਕੋਮਲ)-ਰੇਲਵੇ ਬੋਰਡ ਦੇ ਡਾਇਰੈਕਟਰ ਜਨਰਲ (ਸੁਰੱਖਿਆ) ਹਿਤੇਂਦਰ ਮਲਹੋਤਰਾ ਅੱਜ ਰੇਲ ਕੋਚ ਫ਼ੈਕਟਰੀ ਕਪੂਰਥਲਾ ਪੁੱਜੇ ਤੇ ਉਨ੍ਹਾਂ ਆਰ.ਸੀ.ਐਫ. ਦੇ ਜਨਰਲ ਮੈਨੇਜਰ ਅਜੇ ਨੰਦਨ ਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਇਕ ਲੰਬੀ ਮੀਟਿੰਗ ਕਰਕੇ ਰੇਲ ਡੱਬਿਆਂ ਦੀ ਸੁਰੱਖਿਆ, ਉਤਪਾਦਨ ਤੇ ਚਾਲੂ ਵਿੱਤੀ ਵਰ੍ਹੇ ਦੌਰਾਨ ਰੇਲ ਡੱਬਿਆਂ ਦੇ ਨਿਰਮਾਣ ਤੇ ਹੋਰ ਮਹੱਤਵਪੂਰਨ ਮਾਮਲਿਆਂ ‘ਤੇ ਵਿਚਾਰ ਚਰਚਾ ਕੀਤੀ | ਮੀਟਿੰਗ ਦੌਰਾਨ ਆਰ.ਸੀ.ਐਫ. ਦੇ ਡਿਜਾਇਨ ਵਿਭਾਗ ਨੇ ਰੇਲ ਡੱਬਿਆਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਤੇ ਕੁੱਝ ਹੋਰ ਅਹਿਮ ਸੁਰੱਖਿਆ ਵਿਸ਼ੇਸ਼ਤਾਵਾਂ ਬਿਹਤਰ ਬਣਾਉਣ ਲਈ ਕੀਤੀਆਂ ਪਹਿਲਕਦਮੀਆਂ ਬਾਰੇ ਵਿਸਥਾਰਤ ਪ੍ਰਸਤੁਤੀ ਪੇਸ਼ ਕੀਤੀ ਤੇ ਬਾਅਦ ਵਿਚ ਡਾਇਰੈਕਟਰ ਜਰਨਲ ਨੇ ਰੇਲ ਕੋਚ ਫ਼ੈਕਟਰੀ ਦੇ ਦੌਰਾਨ ਰੇਲ ਡੱਬਿਆਂ ਦੀ ਨਿਰਮਾਣ ਪ੍ਰਕਿਰਿਆ, ਨਵੀਂ ਸੁਰੱਖਿਆ ਨਾਲ ਲੈਸ ਇਕ ਰੇਕ ਦੇ ਨਿਰਮਾਣ, ਰੇਲ ਡੱਬੇ ਵਿਚ ਲੱਗੇ ਬਿਜਲੀ ਉਪਕਰਨਾ ਤੇ ਹੋਰ ਪ੍ਰਣਾਲੀਆਂ, ਸੇਫ਼ਟੀ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ | ਉਨ੍ਹਾਂ ਰੇਲ ਡੱਬਿਆਂ ਦੇ ਨਿਰਮਾਣ ਵਿਚ ਸੁਰੱਖਿਆ, ਉਪਾਅ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਰ.ਸੀ.ਐਫ. ਦੇ ਅਧਿਕਾਰੀਆਂ ਨੂੰ ਆਪਣੇ ਵਡਮੁੱਲੇ ਸੁਝਾਅ ਤੇ ਆਪਣੇ ਅਨੁਭਵ ਵੀ ਉਨ੍ਹਾਂ ਨਾਲ ਸਾਂਝੇ ਕੀਤੇ | ਹਿਤੇਂਦਰ ਮਲਹੋਤਰਾ ਨੇ ਆਰ.ਸੀ.ਐਫ. ਦੇ ਆਧੁਨਿਕ ਬੁਨਿਆਦੀ ਢਾਂਚੇ ਤੇ ਕੁਸ਼ਲ ਨਿਰਮਾਣ ਪ੍ਰਕਿਰਿਆਵਾਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਸੁਰੱਖਿਆ ਮਾਪਦੰਡਾਂ ਨੂੰ ਹੋਰ ਬਿਹਤਰ ਬਣਾਉਣ ਲਈ ਕੁੱਝ ਰਚਨਾਤਮਕ ਸੁਝਾਅ ਵੀ ਦਿੱਤੇ | ਬਾਅਦ ਵਿਚ ਡਾਇਰੈਕਟਰ ਜਨਰਲ ਨੇ ਆਰ.ਸੀ.ਐਫ. ਦੇ ਤਕਨੀਕੀ ਸਿੱਖਿਆ ਕੇਂਦਰ (ਟੀ.ਟੀ.ਸੀ.) ਦਾ ਦੌਰਾ ਵੀ ਕੀਤਾ | ਜਿੱਥੇ ਉਨ੍ਹਾਂ ਕਰਮਚਾਰੀਆਂ ਲਈ ਚਲਾਏ ਜਾ ਰਹੇ ਸਿਖਲਾਈ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ | ਉਨ੍ਹਾਂ ਸਿਖਲਾਈ ਗਤੀਵਿਧੀ ਨਾਲ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਕੋਰਸ ਸਮਗਰੀ, ਸਿਖਲਾਈ ਪੱਧਤੀ, ਹੁਨਰ ਵਿਕਾਸ ਤੇ ਸਮਰੱਥਾ ਨਿਰਮਾਣ ਲਈ ਉਪਲਬਧ ਸਹੂਲਤਾਂ ਦਾ ਜਾਇਜ਼ਾ ਵੀ ਲਿਆ | ਹਿਤੇਂਦਰ ਮਲਹੋਤਰਾ ਨੇ ਕਰਮਚਾਰੀਆਂ ਦੀ ਤਕਨੀਕੀ ਯੋਗਤਾ ਨੂੰ ਵਧਾਉਣ ਲਈ ਆਰ.ਸੀ.ਐਫ. ਵਲੋਂ ਕੀਤੇ ਜਾ ਰਹੇ ਯਤਨਾ ਦੀ ਸ਼ਲਾਘਾ ਕਰਦਿਆਂ ਆਧੁਨਿਕ ਕੋਚ ਨਿਰਮਾਣ ਦੀਆਂ ਬਦਲਦੀਆਂ ਤਕਨੀਕੀ ਲੋੜਾਂ ਨੂੰ ਪੂਰਾ ਕਰਨ ਲਈ ਲਗਾਤਾਰ ਸਿੱਖਣ ਤੇ ਹੁਨਰ ਉੱਨਤੀ ਦੀ ਮਹੱਤਤਾ ਦੇ ਜ਼ੋਰ ਦਿੱਤਾ |
ਰੇਲਵੇ ਬੋਰਡ ਦੇ ਡਾਇਰੈਕਟਰ ਜਨਰਲ ਸੁਰੱਖਿਆ ਹਿਤੇਂਦਰ ਮਲਹੋਤਰਾ ਵਲੋਂ ਆਰ.ਸੀ.ਐਫ. ਦਾ ਦੌਰਾ
ਅਜੀਤ ਡੈਸਕ
13-06-2026