ਕਪੂਰਥਲਾ, 12 ਜੂਨ (ਵਿ.ਪ੍ਰ.)-ਭਾਜਪਾ ਦੇ ਸੋਸ਼ਲ ਮੀਡੀਆ ਸੈੱਲ ਦੇ ਸੂਬਾਈ ਕੋ-ਕੋਆਰਡੀਨੇਟਰ ਤੇ ਕੌਂਸਲਰ ਵਿੱਕੀ ਗੁਜਰਾਲ ਨੇ ਭਾਜਪਾ ਦੇ ਨਵਨਿਯੁਕਤ ਸੂਬਾਈ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਪੰਜਾਬ ਦੀ ਰਾਜਨੀਤੀ ਵਿਚ ਇਕ ਤਜਰਬੇਕਾਰ ਆਗੂ ਹਨ ਤੇ ਜਨਤਕ ਸਰੋਕਾਰਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਤੇ ਉਹ ਪਾਰਟੀ ਦੇ ਸੂਬਾਈ ਪ੍ਰਧਾਨ ਵਜੋਂ ਭਾਜਪਾ ਨੂੰ ਪੰਜਾਬ ਵਿਚ ਮਜ਼ਬੂਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਉਣਗੇ | ਉਨ੍ਹਾਂ ਕਿਹਾ ਕਿ ਪੰਜਾਬ ਅੱਜ ਕਈ ਗੰਭੀਰ ਚਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਜਿਨ੍ਹਾਂ ਦਾ ਨੌਜਵਾਨਾਂ ਵਿਚ ਪ੍ਰਵਾਸ, ਉਦਯੋਗਾਂ ਦੀ ਮਾੜੀ ਹਾਲਤ, ਖੇਤੀਬਾੜੀ ਨਾਲ ਸਬੰਧਿਤ ਮੁੱਦੇ, ਨਸ਼ਿਆਂ ਦੀ ਸਮੱਸਿਆ ਤੇ ਬੁਨਿਆਦੀ ਢਾਂਚੇ ਦਾ ਵਿਕਾਸ ਵੀ ਸ਼ਾਮਲ ਹੈ | ਉਨ੍ਹਾਂ ਕਿਹਾ ਕਿ ਭਾਜਪਾ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਹੈ | ਵਿੱਕੀ ਗੁਜਰਾਲ ਨੇ ਕਿਹਾ ਕਿ ਪਾਰਟੀ ਬੂਥ ਪੱਧਰ ‘ਤੇ ਆਪਣੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰ ਰਹੀ ਹੈ ਤਾਂ ਜੋ ਆਮ ਲੋਕਾਂ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾ ਸਕੇ | ਉਨ੍ਹਾਂ ਆਸ ਪ੍ਰਗਟ ਕੀਤੀ ਕਿ ਭਾਜਪਾ ਦੇ ਸੂਬਾਈ ਪ੍ਰਧਾਨ ਦੀ ਅਗਵਾਈ ਵਿਚ ਪਾਰਟੀ ਨਵੀਂ ਊਰਜਾ, ਨਵੀਂ ਦਿ੍ਸ਼ਟੀ ਅਤੇ ਨਵੇਂ ਸੰਕਲਪ ਨਾਲ ਅੱਗੇ ਵਧੇਗੀ |
ਭਾਜਪਾ ਦੇ ਸੂਬਾਈ ਪ੍ਰਧਾਨ ਪਾਰਟੀ ਨੂੰ ਪੰਜਾਬ ਵਿਚ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ-ਵਿੱਕੀ ਗੁਜਰਾਲ
ਅਜੀਤ ਡੈਸਕ
13-06-2026