ਕਪੂਰਥਲਾ, 19 ਜੂਨ (ਅਮਰਜੀਤ ਕੋਮਲ)-ਕਪੂਰਥਲਾ ਦੀ ਜੰਮਪਲ ਸਵਲੀਨ ਕੌਰ 21 ਜੂਨ ਤੋਂ 27 ਜੂਨ ਤੱਕ ਗੋਆ ਵਿਚ ਹੋਣ ਵਾਲੀ 5ਵੀਂ ਏਸ਼ੀਆ ਵੁਮੈਨ ਬਿ੍ਜ ਚੈਂਪੀਅਨਸ਼ਿਪ ਵਿਚ ਭਾਰਤ ਦੀ ਨੁਮਾਇੰਦਗੀ ਕਰੇਗੀ | ਇਸ ਸਮੇਂ ਗੁਰੂਗ੍ਰਾਮ ਵਿਚ ਰਹਿੰਦੀ ਸਵਲੀਨ ਕੌਰ ਨੇ ਵੈਲਿਮ ਗਰਲਜ਼ ਸਕੂਲ ਦੇਹਰਾਦੂਨ (ਉੱਤਰਾਖੰਡ) ਤੋਂ ਮੁੱਢਲੀ ਪੜ੍ਹਾਈ ਉਪਰੰਤ ਚੰਡੀਗੜ੍ਹ ਤੋਂ ਉਚੇਰੀ ਪੜ੍ਹਾਈ ਕੀਤੀ | ਖੇਡਾਂ ਵੱਲ ਉਤਸ਼ਾਹਿਤ ਕਰਨ ਦੀ ਗੁੜਤੀ ਉਨ੍ਹਾਂ ਨੂੰ ਪਰਿਵਾਰ ਤੋਂ ਮਿਲੀ | ਉਨ੍ਹਾਂ ‘ਬਿ੍ਜ’ (ਦਿਮਾਗੀ ਖੇਡ) ਨੂੰ ਪੂਰੀ ਸਮਰਪਣ ਨਾਲ ਅਪਣਾਇਆ ਤੇ ਦੇਸ਼ ਵਿਦੇਸ਼ ਵਿਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਵਲੀਨ ਦੇ ਪਿਤਾ ਚਰਨਜੀਤ ਸਿੰਘ ਕੋਚਰ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਭਾਰਤ ਤੋਂ ਇਲਾਵਾ ਜਪਾਨ, ਚੀਨ, ਕੋਰੀਆ ਤੇ ਆਸਟ੍ਰੇਲੀਆ ਦੀਆਂ ਟੀਮਾਂ ਸ਼ਮੂਲੀਅਤ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਵਲੀਨ ਕੌਰ ਦੀ ਇਹ ਮਾਣਮਤੀ ਪ੍ਰਾਪਤੀ ਸਾਡੇ ਪਰਿਵਾਰ ਲਈ ਹੀ ਨਹੀਂ, ਸਗੋਂ ਸਮੁੱਚੇ ਦੇਸ਼ ਲਈ ਇਕ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਚੈਂਪੀਅਨਸ਼ਿਪ ਵਿਚ ਸਵਲੀਨ ਦਾ ਪ੍ਰਦਰਸ਼ਨ ਪੰਜਾਬ, ਹਰਿਆਣਾ ਤੇ ਦੇਸ਼ ਦੇ ਹੋਰ ਨੌਜਵਾਨਾਂ ਨੂੰ ਇਸ ਦਿਮਾਗੀ ਖੇਡ ਵਿਚ ਉਤਮਤਾ ਪ੍ਰਾਪਤ ਕਰਨ ਤੇ ਦੇਸ਼ ਦਾ ਨਾਂਅ ਉੱਚਾ ਕਰਨ ਵੱਲ ਪ੍ਰੇਰਿਤ ਕਰੇਗਾ | ਚਰਨਜੀਤ ਸਿੰਘ ਕੋਚਰ ਨੇ ਕਿਹਾ ਕਿ ਸਾਡੇ ਪਰਿਵਾਰ ਦੀ ਦਿਲੀ ਇੱਛਾ ਹੈ ਕਿ ਸਵਲੀਨ ਕੌਰ ਇਸ ਚੈਂਪੀਅਨਸ਼ਿਪ ਵਿਚ ਆਪਣੀ ਸਫ਼ਲਤਾ ਦਾ ਪਰਚਮ ਲਹਿਰਾਉਂਦੀ ਹੋਈ ਪੂਰੇ ਭਾਰਤ ਦਾ ਨਾਂਅ ਰੌਸ਼ਨ ਕਰੇਗੀ |