ਕਪੂਰਥਲਾ, 19 ਜੂਨ (ਅਮਰਜੀਤ ਕੋਮਲ)-ਜੇਕਰ ਸਰਕਾਰ ਨੇ ਲੋਕ ਹਿਤੈਸ਼ੀ ਨੀਤੀਆਂ ਤੇ ਸੁਧਾਰਾਂ ਨੂੰ ਲਾਗੂ ਨਾ ਕੀਤਾ ਤਾਂ ਆਰਥਿਕ ਸੰਕਟ ਦਾ ਇਹ ਦੌਰ ਆਮ ਅਤੇ ਮੱਧ ਵਰਗ ਲਈ ਹੋਰ ਵੱਡੀਆਂ ਮੁਸ਼ਕਲਾਂ ਪੈਦਾ ਕਰ ਸਕਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਵਿੰਦਰ ਭੰਡਾਲ ਟਰੱਸਟੀ ਦੇਸ਼ ਭਗਤ ਯਾਦਗਾਰੀ ਜਲੰਧਰ ਨੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਆਰ.ਸੀ.ਐਫ. ਵਲੋਂ ‘ਪੈਨਸ਼ਨ, ਰੁਜ਼ਗਾਰ, ਸ਼ੇਅਰ ਬਾਜ਼ਾਰ, ਬੱਚਤ ਅਤੇ ਆਰਥਿਕ ਸੰਕਟ’ ਵਿਸ਼ੇ ਸਬੰਧੀ ਕਰਵਾਈ ਗਈ ਵਿਚਾਰ ਚਰਚਾ ਨੂੰ ਸੰਬੋਧਨ ਕਰਦਿਆਂ ਕੀਤਾ | ਦੇਸ਼ ਦੀ ਆਰਥਿਕ ਸਥਿਤੀ ਬਾਰੇ ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿਚ ਬੇਰੁਜ਼ਗਾਰ ਦੀ ਦਰ ਚਿੰਤਾਜਨਕ ਪੱਧਰ ‘ਤੇ ਪਹੁੰਚ ਚੁੱਕੀ ਹੈ ਤੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਵੀ ਸੁਰੱਖਿਅਤ ਰੁਜ਼ਗਾਰ ਨਹੀਂ ਮਿਲ ਰਿਹਾ | ਉਨ੍ਹਾਂ ਕਿਹਾ ਕਿ ਦੇਸ਼ ਦਾ ਵੱਧ ਰਿਹਾ ਕਰਜ਼ਾ ਤੇ ਲਗਾਤਾਰ ਵੱਧ ਰਹੀ ਮਹਿੰਗਾਈ ਨੇ ਆਮ ਪਰਿਵਾਰਾਂ ਦੇ ਘਰੇਲੂ ਬਜਟ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ | ਮੁੱਖ ਬੁਲਾਰੇ ਨੇ ਕਿਹਾ ਕਿ ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਘਰੇਲੂ ਬੱਚਤ ਦੀ ਦਰ ਪਿਛਲੇ ਕਈ ਦਹਾਕਿਆਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਆ ਗਈ ਹੈ, ਜਿਸ ਦਾ ਅਰਥ ਹੈ ਕਿ ਲੋਕ ਆਰਥਿਕ ਤੰਗੀ ਕਾਰਨ ਆਪਣੇ ਭਵਿੱਖ ਲਈ ਬੱਚਤ ਕਰਨ ਤੋਂ ਅਸਮਰਥ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਦੇ ਉਲਟ ਸ਼ੇਅਰ ਬਾਜ਼ਾਰ ਦੀ ਤੇਜੀ ਰਾਹੀਂ ਇਹ ਪ੍ਰਭਾਵ ਪੈਦਾ ਕੀਤਾ ਜਾ ਰਿਹਾ ਹੈ ਕਿ ਅਰਥ ਵਿਵਸਥਾ ਮਜ਼ਬੂਤ ਹੈ, ਜਦਕਿ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਵੱਖਰੀ ਹੈ ਤੇ ਇਸ ਦਾ ਲਾਭ ਮੁੱਖ ਤੌਰ ‘ਤੇ ਕਾਰਪੋਰੇਟ ਘਰਾਨਿਆਂ ਨੂੰ ਮਿਲ ਰਿਹਾ ਹੈ | ਹਰਵਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ ਕੋਈ ਵਿੱਤੀ ਬੋਝ ਨਹੀਂ, ਸਗੋਂ ਕਰਮਚਾਰੀਆਂ ਦਾ ਸੰਵਿਧਾਨਕ ਹੱਕ ਹੈ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੀ ਮਿਹਨਤ ਦੀ ਕਮਾਈ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ ਤਾਂ ਅੰਨ੍ਹੇਵਾਹ ਹੋ ਰਹੇ ਨਿੱਜੀਕਰਨ ਦੇ ਖ਼ਿਲਾਫ਼ ਅਤੇ ਲੋਕ ਪੱਖੀ ਆਰਥਿਕ ਨੀਤੀਆਂ ਲਈ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਪਵੇਗੀ | ਵਿਚਾਰ ਚਰਚਾ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਭਰਤ ਰਾਜ ਨੇ ਨਿਭਾਈ | ਵਿਚਾਰ ਚਰਚਾ ਉਪਰੰਤ ਮੰਚ ਦੇ ਆਗੂਆਂ ਨੇ ਕਿਹਾ ਕਿ ਉਹ ਸਮਾਜ ਅਤੇ ਕਰਮਚਾਰੀਆਂ ਨਾਲ ਸਬੰਧਿਤ ਗੰਭੀਰ ਆਰਥਿਕ ਤੇ ਸਮਾਜਿਕ ਮੁੱਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਤਰ੍ਹਾਂ ਦੀ ਵਿਚਾਰ ਚਰਚਾ ਦੇ ਯਤਨ ਜਾਰੀ ਰੱਖਣਗੇ | ਇਸ ਵਿਚਾਰ ਚਰਚਾ ਨੂੰ ਸਫ਼ਲ ਬਣਾਉਣ ਵਿਚ ਮੰਚ ਦੇ ਪ੍ਰਧਾਨ ਧਰਮਪਾਲ, ਸਕੱਤਰ ਚੰਦਰ ਭਾਨ ਤੇ ਗੁਰਜਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ | ਇਸ ਮੌਕੇ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਆਗੂ ਅਮਰੀਕ ਸਿੰਘ, ਰਾਮ ਦਾਸ, ਵਿਨੋਦ ਕੁਮਾਰ, ਪੰਕਜ ਕੁਮਾਰ, ਸਾਕੇਤ ਕੁਮਾਰ ਯਾਦਵ, ਰਾਜ ਕੁਮਾਰ ਪਰਜਾਪਤੀ, ਸੁਨੀਲ ਕਸ਼ਯਪ, ਸਰਬਜੀਤ ਸਿੰਘ, ਗੁਰਮੇਲ ਸਿੰਘ, ਮਨਜੀਤ ਸਿੰਘ, ਰਜਿੰਦਰ ਕੁਮਾਰ ਤੋਂ ਇਲਾਵਾ ਆਰ.ਸੀ.ਐਫ. ਨਾਲ ਸਬੰਧਿਤ ਵੱਖ-ਵੱਖ ਯੂਨੀਅਨਾਂ ਤੇ ਐਸੋਸੀਏਸ਼ਨਾਂ ਦੇ ਨੁਮਾਇੰਦੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ |