ਬੰਗਾ, 26 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਦੋਆਬਾ ਸਾਹਿਤਕ ਮੰਚ ਲਧਾਣਾ ਝਿੱਕਾ ਵਲੋਂ ਸਰਦਾਰ ਚੱੜਤ ਸਿੰਘ ਮੁਕੱਦਮ ਯਾਦਗਾਰੀ ਲਾਇਬ੍ਰੇਰੀ ਹਾਲ ਲਧਾਣਾ ਝਿੱਕਾ ਵਿਚ ਵਿਸ਼ੇਸ਼ ਸਨਮਾਨ ਸਮਾਗਮ ਤੇ ਕਵੀ ਦਰਬਾਰ ਕਰਵਾਇਆ। ਸਮਾਗਮ ਦੌਰਾਨ ਪਿੰਡ ਲਧਾਣਾ ਝਿੱਕਾ ਦੇ ਜੰਮਪਲ ਪੱਤਰਕਾਰ, ਪ੍ਰਕਾਸ਼ਕ, ਸੰਪਾਦਕ ਤੇ ਲੇਖਕ ਟੀ. ਡੀ. ਦਾਸ ਚਾਵਲਾ ਦਾ ਵਿਸ਼ੇਸ਼ ਸਨਮਾਨ ਕੀਤਾ। ਚਾਵਲਾ ਨੇ ਲੰਬੇ ਸਮੇਂ ਤੱਕ ਪੰਜਾਬੀ ਅਖਬਰ ਰੋਜ਼ਾਨਾ ‘ਅਜੀਤ’ ਜਲੰਧਰ ਦੀ ਪੱਤਰਕਾਰੀ ਕੀਤੀ। ਉਹ ਲੰਬੇ ਸਮੇਂ ਤੱਕ ਫਗਵਾੜਾ ਤੋਂ ਪ੍ਰਕਾਸ਼ਤ ਹੁੰਦੇ “ਅਨੋਖੀ ਦੁਨੀਆਂ” ਨਾਂਅ ਦੀ ਪੱਤ੍ਰਿਕਾ ਦੇ ਸੰਪਾਦਕ ਅਤੇ ਪ੍ਰਕਾਸ਼ਕ ਵੀ ਰਹੇ ਹਨ। ਸਮਾਗਮ ‘ਚ ਸੰਨ 1984 ਤੋਂ ਬਾਅਦ ਦੇ ਪੰਜਾਬ ਦੇ ਹਲਾਤਾਂ ਵਾਰੇ ਲਿਖੇ ਬੇਹੱਦ ਚਰਚਿਤ ਨਾਵਲ, “ਬੰਦੂਕ ਤੋਂ ਕਲਮ ਤੱਕ” ਦੇ ਲੇਖਕ ਗੁਰਨਾਮ ਬਾਵਾ ਦਾ ਵੀ ਸਨਮਾਨ ਕੀਤਾ। ਇਸ ਮੌਕੇ ਨਵੇਂ ਉਭਰ ਰਹੇ ਕਵੀ ਜਸਵਿੰਦਰ ਭਟੋਆ ਨੂੰ ਵੀ ਸਨਮਾਨਿਤ ਕੀਤਾ। ਸਮਾਗਮ ਦੇ ਅਰੰਭ ‘ਚ ਮੰਚ ਦੇ ਪ੍ਰਧਾਨ ਗੁਰਦੀਪ ਸਿੰਘ ਮੁਕੱਦਮ ਵਲੋਂ ਸਨਮਾਨਿਤ ਸ਼਼ਖ਼ਸੀਅਤਾਂ ਤੇ ਪਹੁੰਚੇ ਸਾਹਿਤਕਾਰਾਂ ਦਾ ਸਵਾਗਤ ਕੀਤਾ ਅਤੇ ਸਨਮਾਨਿਤ ਸਖਸੀਅਤਾਂ ਦੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਕੈਪਟਨ ਦੌਲਤ ਸਿੰਘ ਝਿੱਕਾ ਵਲੋਂ ਸਮਾਗਮ ਦਾ ਸੰਚਾਲਨ ਬਾਖੂਬੀ ਕੀਤਾ। ਕਵੀ ਦਰਬਾਰ ਵਿਚ ਕੈਪਟਨ ਦਵਿੰਦਰ ਜੱਸਲ, ਸਰਵਣ ਸਿੱਧੂ, ਗੁਰਮੁਖ ਸਿੰਘ ਬਣਵੈਤ, ਤਾਰਾ ਸਿੰਘ ਚੇੜਾ, ਜਸਵਿੰਦਰ ਭਟੋਆ, ਦੀਪ ਜਗਤਪੁਰੀ, ਰਣਜੀਤ ਪੋਸੀ, ਗੁਰਦੀਪ ਸੈਣੀ, ਰਵਇੰਦਰ ਚੋਟ, ਦੀਪ ਸ਼ੇਰਗਿੱਲ, ਜੋਗੇਸ਼ ਚਾਵਲਾ ਆਦਿ ਕਵੀਆਂ ਨੇ ਕਲਾਮ ਪੇਸ਼ ਕਰਕੇ ਸਮੇਂ ਨੂੰ ਯਾਦਗਾਰੀ ਬਣਾ ਦਿੱਤਾ। ਰਵਇੰਦਰ ਚੋਟ ਵਲੋਂ ਟੀ. ਡੀ. ਚਾਵਲਾ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਟੀ. ਡੀ ਚਾਵਲਾ, ਗੁਰਨਾਮ ਬਾਵਾ, ਸੁਰਿੰਦਰ ਚਾਵਲਾ, ਅਮਰੀਕ ਬਣਵੈਤ, ਸਤਨਾਮ ਸਿੰਘ ਪੰਚ ਵਲੋਂ ਵੀ ਵਿਚਾਰ ਸਾਂਝੇ ਕੀਤੇ ਗਏ। ਹਾਜ਼ਰੀਨ ਵਿੱਚ ਸੱਤਪਾਲ ਸਿੰਘ ਨੰਬਰਦਰ, ਜਰਨੈਲ ਸਿੰਘ ਬੱਬੂ ਵੀ ਹਾਜ਼ਰ ਸਨ। ਸਮਾਗਮ ਦੇ ਅੰਤ ਵਿਚ ਮੰਚ ਦੇ ਉਪ ਪ੍ਰਧਾਨ ਸ਼ਾਇਰ ਗੁਰਦੀਪ ਸੈਣੀ ਨੇ ਸਨਮਾਨਿਤ ਸ਼਼ਖ਼ਸੀਅਤਾਂ, ਪਹੁੰਚੇ ਹੋਏ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।