ਕਪੂਰਥਲਾ, 28 ਜੂਨ (ਅਮਰਜੀਤ ਕੋਮਲ)-ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਬੀਤੀ 22 ਅਪ੍ਰੈਲ ਨੂੰ ਸ਼ਹਿਰ ਦੇ ਵਾਰਡ ਨੰਬਰ 9 ਵਿਚ ਪੈਂਦੇ ਅਜੀਤ ਨਗਰ ਦੇ ਵਾਸੀ ਜਸਪ੍ਰੀਤ ਸਿੰਘ ਸਹਿਗਲ ਨੇ ਪਿੰਡ ਮੁਸ਼ਕਵੇਦ (ਸੀਨਪੁਰਾ) ਦੀਆਂ ਵੱਡੀ ਗਿਣਤੀ ਵਿਚ ਵੋਟਾਂ ਇਕ ਸਾਜ਼ਿਸ਼ ਤਹਿਤ ਵਾਰਡ ਨੰਬਰ 9 ਦੀ ਸੂਚੀ ਵਿਚ ਦਰਜ ਕਰਨ ਦਾ ਮਾਮਲਾ ਐਸ.ਡੀ.ਐਮ. ਕਪੂਰਥਲਾ ਕਮ ਰਿਟਰਨਿੰਗ ਅਫ਼ਸਰ ਦੇ ਲਿਖਤੀ ਤੌਰ ‘ਤੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਅਜੇ ਤੱਕ ਮੁਸ਼ਕਵੇਦ ਦੀਆਂ ਵੋਟਾਂ ਵੋਟਰ ਸੂਚੀ ਵਿਚੋਂ ਹਟਾਈਆਂ ਨਹੀਂ ਗਈਆਂ | ਜਦਕਿ ਇਸ ਸਬੰਧੀ ਸਬੰਧਿਤ ਬੀ.ਐਲ.ਓ. ਵਲੋਂ ਇਹ ਵੋਟਾਂ ਹਟਾਉਣ ਲਈ ਐਸ.ਡੀ.ਐਮ. ਨੂੰ ਲਿਖਤੀ ਪੱਤਰ ਵੀ ਭੇਜਿਆ ਜਾ ਚੁੱਕਾ ਹੈ | ਕਾਂਗਰਸ ਵਿਧਾਇਕ ਨੇ ਕਿਹਾ ਕਿ ਜਿਹੜੇ ਵੋਟਰਾਂ ਦੀਆਂ ਵੋਟਾਂ ਵਾਰਡ ਨੰਬਰ 9 ਵਿਚ ਦਰਜ ਕੀਤੀਆਂ ਗਈਆਂ, ਉਹ ਪਹਿਲਾਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਚੁੱਕੇ ਹਨ, ਪਰ ਸੱਤਾਧਾਰੀ ਪਾਰਟੀ ਨੂੰ ਲਾਭ ਪਹੁੰਚਾਉਣ ਲਈ ਪਿੰਡ ਮੁਸ਼ਕਵੇਦ ਦੀਆਂ ਵੱਡੀ ਗਿਣਤੀ ਵਿਚ ਵੋਟਾਂ ਵਾਰਡ ਨੰਬਰ 9 ਦੀ ਵੋਟਰ ਸੂਚੀ ਵਿਚ ਸ਼ਾਮਲ ਕੀਤੀਆਂ ਗਈਆਂ | ਉਨ੍ਹਾਂ ਕਿਹਾ ਕਿ ਇਸ ਸਬੰਧੀ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਐਸ.ਡੀ.ਐਮ. ਨੇ ਇਨ੍ਹਾਂ ਵੋਟਾਂ ਦੀ ਪੜਤਾਲ ਸਬੰਧਿਤ ਬੀ.ਐਲ.ਓ. ਨੂੰ ਕਰਨ ਦੀ ਹਦਾਇਤ ਕੀਤੀ | ਉਨ੍ਹਾਂ ਕਿਹਾ ਕਿ ਪੜਤਾਲ ਉਪਰੰਤ ਬੀਤੀ 28 ਅਪ੍ਰੈਲ ਨੂੰ ਵਾਰਡ ਨੰਬਰ 9 ਦੇ ਬੀ.ਐਲ.ਓ. ਰਾਮਪਾਲ ਨੇ ਐਸ.ਡੀ.ਐਮ. ਕਮ ਰਜਿਸਟਰੇਸ਼ਨ ਅਫ਼ਸਰ ਨੂੰ ਇਕ ਪੱਤਰ ਵਿਚ ਕਿਹਾ ਕਿ ਵਾਰਡ ਨੰਬਰ 9 ਦੇ ਵੋਟਰ ਜਸਪ੍ਰੀਤ ਸਿੰਘ ਸਹਿਗਲ ਵਲੋਂ ਵੋਟਾਂ ਸਬੰਧੀ ਜੋ ਇਤਰਾਜ਼ ਕੀਤਾ ਗਿਆ, ਉਹ ਪੜਤਾਲ ਉਪਰੰਤ ਦਰੁਸਤ ਪਾਇਆ ਗਿਆ ਹੈ | ਇਸ ਲਈ ਵਾਰਡ ਨੰਬਰ 9 ਦੀ ਸੂਚੀ ਵਿਚ ਦਰਸਾਈਆਂ ਗਈਆਂ ਮੁਸ਼ਕਵੇਦਾਂ ਦੀਆਂ ਵੋਟਾਂ ਨੂੰ ਵੋਟਰ ਸੂਚੀ ਵਿਚੋਂ ਹਟਾਇਆ ਜਾਵੇ | ਉਨ੍ਹਾਂ ਕਿਹਾ ਕਿ ਲਗਭਗ ਪੌਣੇ 2 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਐਸ.ਡੀ.ਐਮ. ਦੇ ਹੁਕਮਾਂ ਦੀ ਤਾਮੀਲ ਨਹੀਂ ਹੋਈ ਤੇ ਅਜੇ ਵੀ ਵੋਟਾਂ ਵਾਰਡ ਨੰਬਰ 9 ਦੀ ਵੋਟਰ ਸੂਚੀ ਵਿਚ ਬੋਲ ਰਹੇ ਹਨ | ਉਨ੍ਹਾਂ ਕਿਹਾ ਕਿ ਵੋਟਰ ਸੂਚੀ ਵਿਚੋਂ ਵੋਟਾਂ ਹਟਾਉਣ ਦੇ ਮਾਮਲੇ ਨੂੰ ਐਸ.ਡੀ.ਐਮ. ਕਮ ਰਿਟਰਨਿੰਗ ਅਫ਼ਸਰ ਵਲੋਂ ਗੰਭੀਰਤਾ ਨਾਲ ਨਾ ਲਏ ਜਾਣਾ ਉਨ੍ਹਾਂ ਦੀ ਕਾਰਗੁਜ਼ਾਰੀ ‘ਤੇ ਕਈ ਸਵਾਲ ਖੜੇ ਹੁੰਦੇ ਹਨ | ਇਸ ਸਬੰਧੀ ਜਦੋਂ ਜਸਪ੍ਰੀਤ ਸਿੰਘ ਸਹਿਗਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਪਸ਼ਟ ਕੀਤਾ ਕਿ ਅਜੇ ਤੱਕ ਮੁਸ਼ਕਵੇਦ ਦੀਆਂ ਵੋਟਾਂ ਵਾਰਡ ਨੰਬਰ 9 ਦੀ ਵੋਟਰ ਸੂਚੀ ਵਿਚੋਂ ਹਟਾਈਆਂ ਨਹੀਂ ਗਈਆਂ |