ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸਰਕਾਰ ਦੇ ਅੱਠ ਘੰਟੇ ਬਿਜਲੀ ਦੇ ਦਾਅਵੇ ਫ਼ੇਲ੍ਹ, ਲੰਬੇ ਕੱਟਾਂ ਨੇ ਕਿਸਾਨਾਂ ਤੇ ਲੋਕਾਂ ਦਾ ਕੱਢਿਆ ਜਲੂਸ

Ad Position 21
No active advertisement
ਅਜੀਤ ਡੈਸਕ 29-06-2026
ਨਡਾਲਾ, 28 ਜੂਨ (ਰਘਬਿੰਦਰ ਸਿੰਘ)-ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਰੋਜ਼ਾਨਾ ਅੱਠ ਘੰਟੇ ਨਿਰਵਿਘਨ ਬਿਜਲੀ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਹਕੀਕਤ ਇਸ ਤੋਂ ਬਿਲਕੁਲ ਉਲਟ ਨਜ਼ਰ ਆ ਰਹੀ ਹੈ | ਇਲਾਕੇ ਵਿਚ ਪਿਛਲੇ ਕਈ ਦਿਨਾਂ ਤੋਂ ਲੱਗ ਰਹੇ ਲੰਬੇ ਅਤੇ ਅਣਐਲਾਨੇ ਬਿਜਲੀ ਕੱਟਾਂ ਨੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਵਿਚ ਪਾ ਦਿੱਤਾ ਹੈ | ਕਿਸਾਨਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਰੁਕ-ਰੁਕ ਕੇ ਸਿਰਫ਼ ਤਿੰਨ ਤੋਂ ਚਾਰ ਘੰਟੇ ਹੀ ਬਿਜਲੀ ਮਿਲ ਰਹੀ ਹੈ, ਜਿਸ ਕਾਰਨ ਝੋਨੇ ਦੀ ਫ਼ਸਲ ਸੁੱਕਣ ਦੀ ਕਾਗਾਰ ‘ਤੇ ਪਹੁੰਚ ਗਈ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਐਲਾਨ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਹਨ, ਜਦਕਿ ਖੇਤਾਂ ਵਿਚ ਫ਼ਸਲ ਪਾਣੀ ਦੀ ਘਾਟ ਨਾਲ ਤੜਫ਼ ਰਹੀ ਹੈ | ਮਜਬੂਰੀ ਵੱਸ ਕਈ ਕਿਸਾਨ ਡੀਜ਼ਲ ਇੰਜਨ ਅਤੇ ਜਨਰੇਟਰ ਚਲਾ ਕੇ ਸਿੰਚਾਈ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦਾ ਖਰਚਾ ਕਈ ਗੁਣਾ ਵੱਧ ਗਿਆ ਹੈ | ਕਈ ਕਿਸਾਨ ਤਾਂ ਹੁਣ ਇਹ ਕਹਿਣ ਲਈ ਮਜਬੂਰ ਹਨ ਕਿ ਝੋਨੇ ਦੀ ਫ਼ਸਲ ਦੀ ਸਾਂਭ-ਸੰਭਾਲ ਹੁਣ ਸਿਰਫ਼ ਬਾਰਿਸ਼ ਦੇ ਸਹਾਰੇ ਹੀ ਰਹਿ ਗਈ ਹੈ | ਦੂਜੇ ਪਾਸੇ ਘਰੇਲੂ ਬਿਜਲੀ ਸਪਲਾਈ ਵੀ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ |ਐਤਵਾਰ ਸਵੇਰੇ 11 ਵਜੇ ਤੋਂ ਲੰਬੇ ਕੱਟਾ ਕਾਰਨ ਇਨਵਰਟਰ ਬੰਦ ਹੋ ਗਏ,ਪਾਣੀ ਦੀਆਂ ਟੈਂਕੀਆਂ ਖ਼ਾਲੀ ਹੋ ਗਈਆਂ ਅਤੇ ਘਰੇਲੂ ਤੇ ਵਪਾਰਕ ਕੰਮ-ਕਾਜ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਏ | ਅੱਤ ਦੀ ਗਰਮੀ ਵਿਚ ਬਿਜਲੀ ਨਾ ਹੋਣ ਕਾਰਨ ਲੋਕਾਂ ਦਾ ਜਨਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ | ਇਸ ਸਬੰਧੀ ਕਿਸਾਨ ਹਰਜਿੰਦਰ ਸਿੰਘ ਸਾਹੀ, ਨਵਜਿੰਦਰ ਸਿੰਘ ਬੱਗਾ ਕੋਚ, ਹਰਵਿੰਦਰ ਸਿੰਘ ਸਾਹੀ ਅਤੇ ਹੋਰਾਂ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਦੀ ਕੋਈ ਪ੍ਰਵਾਹ ਨਹੀਂ ਦਿਖਾਈ ਦੇ ਰਹੀ | ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਨਿਰਵਿਘਨ ਬਿਜਲੀ ਸਪਲਾਈ ਨਾ ਦਿੱਤੀ ਗਈ ਤਾਂ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਬਿਜਲੀ ਵਿਭਾਗ ਦੀ ਹੋਵੇਗੀ | ਕਿਸਾਨਾਂ ਅਤੇ ਇਲਾਕਾ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿਰਫ਼ ਐਲਾਨ ਕਰਨ ਦੀ ਬਜਾਏ ਜ਼ਮੀਨੀ ਪੱਧਰ ‘ਤੇ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ, ਤਾਂ ਜੋ ਕਿਸਾਨਾਂ ਦੀ ਫ਼ਸਲ ਬਚ ਸਕੇ ਅਤੇ ਆਮ ਲੋਕਾਂ ਨੂੰ ਵੀ ਗਰਮੀ ਦੇ ਮੌਸਮ ਵਿਚ ਰਾਹਤ ਮਿਲ ਸਕੇ | ਉੱਧਰ ਦੂਜੇ ਪਾਸੇ ਨੰਬਰਦਾਰ ਸੁਖਵੰਤ ਸਿੰਘ ਕੰਗ, ਗੁਰਵਿੰਦਰ ਸਿੰਘ ਸੋਹੀ ਭਾਕਿਯੂ ਲੱਖੋਵਾਲ ਜ਼ਿਲ੍ਹਾ ਜਨਰਲ ਸਕੱਤਰ,ਮਨਜੀਤ ਸਿੰਘ ਸੀ:ਮੀ ਪ੍ਰਧਾਨ ਲਖਵਿੰਦਰ ਸਿੰਘ ਬੋਲੀ, ਨੰਬਰਦਾਰ ਰਣਜੀਤ ਸਿੰਘ ਅਤੇ ਹੋਰਾਂ ਨੇ ਆਖਿਆ ਕਿ ਬਾਮੂਵਾਲ ਤੋਂ ਜੱਗਾਂ ਵੱਲ ਆਉਂਦੇ ਫੀਡਰ ਦੀ ਬਿਜਲੀ ਸਪਲਾਈ ਵੀ ਪਿਛਲੇ ਤਿੰਨ ਚਾਰ ਤੋਂ ਦਿਨਾਂ ਤੋਂ ਖ਼ਰਾਬ ਕਰ ਰਹੀ ਹੈ ਲਗਾਤਾਰ ਬਿਜਲੀ ਨਾ ਮਿਲਣ ਕਾਰਨ ਉਨ੍ਹਾਂ ਦੀ ਝੋਨੇ ਦੀ ਫ਼ਸਲ ਖ਼ਰਾਬ ਹੋ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਜੇਕਰ ਅੱਠ ਘੰਟੇ ਬਿਜਲੀ ਨਹੀਂ ਦੇ ਸਕਦੇ ਘੱਟੋ ਘੱਟ ਚਾਰ ਘੰਟੇ ਤਾਂ ਲਗਾਤਾਰ ਬਿਜਲੀ ਸਪਲਾਈ ਦਿੱਤੀ ਜਾਵੇ ਤਾਂ ਜੋ ਕਿਸਾਨ ਆਪਣੀ ਖੇਤਾਂ ਦੀ ਸਿੰਜਾਈ ਕਰ ਸਕੇ |
Ad Position 22
No active advertisement
ਪਿਛਲੀ ਖ਼ਬਰ ਮਾਲ ਗੁਦਾਮ ਰੋਡ ‘ਤੇ ਦਫ਼ਤਰ ਦੀ ਭੰਨਤੋੜ ਕਰਨ ਤੇ ਅੱਗ ਲਗਾਉਣ ਸਬੰਧੀ ਤਿੰਨ ਨੌਜਵਾਨ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ 5 ਜੁਲਾਈ ਨੂੰ ਪਿੰਡ ਤਲਵੰਡੀ ਚੌਧਰੀਆਂ ਵਿਖੇ ਹੋਵੇਗੀ ਰੈਲੀ-ਜਗਤਾਰ ਸਿੰਘ
Ad Position 24
No active advertisement