ਭੁਲੱਥ, 28 ਜੂਨ (ਮਨਜੀਤ ਸਿੰਘ ਰਤਨ)- ਸਬ ਡਵੀਜ਼ਨ ਕਸਬਾ ਭੁਲੱਥ ਦੇ ਮੇਨ ਸੜਕਾਂ ਅਤੇ ਮੇਨ ਬਾਜ਼ਾਰ ਵਿਚ ਟਰੈਫ਼ਿਕ ਵਿਵਸਥਾ ਸੁਧਾਰਨ ਅਤੇ ਹੁੱਲੜਬਾਜ਼ੀ ‘ਤੇ ਨਕੇਲ ਕੱਸਣ ਲਈ ਡੀ. ਐੱਸ. ਪੀ. ਭੁਲੱਥ ਗਗਨਦੀਪ ਸਿੰਘ ਘੁੰਮਣ ਨੇ ਭੁਲੱਥ ਦੇ ਦੁਕਾਨਦਾਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਮੀਟਿੰਗ ਦੌਰਾਨ ਥਾਣਾ ਮੁਖੀ ਬਿਕਰਮਜੀਤ ਸਿੰਘ ਚੌਹਾਨ ਵੀ ਉਨ੍ਹਾਂ ਦੇ ਨਾਲ ਸਨ | ਮੀਟਿੰਗ ਦੌਰਾਨ ਦੁਕਾਨਦਾਰਾਂ ਨੇ ਰੋਜ਼ਾਨਾ ਆ ਰਹੀਆਂ ਮੁਸ਼ਕਲਾਂ ਸਬੰਧੀ ਗੱਲਬਾਤ ਕੀਤੀ | ਦੁਕਾਨਦਾਰਾਂ ਨੇ ਦੱਸਿਆ ਕਿ ਮੁੱਖ ਸੜਕਾਂ ਅਤੇ ਬਾਜ਼ਾਰ ਵਿਚ ਲੱਗਣ ਵਾਲੇ ਟਰੈਫ਼ਿਕ ਜਾਮ ਕਾਰਨ ਲੋਕਾਂ ਅਤੇ ਦੁਕਾਨਦਾਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਦੇ ਨਾਲ ਹੀ ਕੁੱਝ ਸ਼ਰਾਰਤੀ ਅਨਸਰ ਪ੍ਰੈਸ਼ਰ ਹਾਰਨ ਵਜਾ ਕੇ ਅਤੇ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਮਾਰ ਕੇ ਨਾ ਸਿਰਫ਼ ਸ਼ੋਰ ਪ੍ਰਦੂਸ਼ਣ ਫੈਲਾਉਂਦੇ ਹਨ, ਸਗੋਂ ਆਮ ਲੋਕਾਂ ਅਤੇ ਬਾਜ਼ਾਰ ਦੇ ਮਾਹੌਲ ਨੂੰ ਵੀ ਪ੍ਰਭਾਵਿਤ ਕਰਦੇ ਹਨ | ਇਸ ਮੌਕੇ ਤੇ ਡੀ.ਐੱਸ.ਪੀ. ਗਗਨਦੀਪ ਸਿੰਘ ਘੁੰਮਣ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਭੁਲੱਥ ਦੇ ਮੁੱਖ ਚੌਕ ਵਿਚ ਪਹਿਲਾਂ ਵਾਂਗ ਟਰੈਫ਼ਿਕ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ | ਇਸ ਤੋਂ ਇਲਾਵਾ ਨਾਕਾਬੰਦੀ ਹੋਰ ਸਖ਼ਤ ਕੀਤੀ ਜਾਵੇਗੀ, ਬਾਜ਼ਾਰ ਵਿਚ ਪੁਲਿਸ ਗਸ਼ਤ ਵਧਾਈ ਜਾਵੇਗੀ ਅਤੇ ਪ੍ਰੈਸ਼ਰ ਹਾਰਨ ਜਾਂ ਬੁਲੇਟਾਂ ਦੇ ਪਟਾਕੇ ਮਾਰ ਕੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਮੀਟਿੰਗ ਵਿਚ ਵਪਾਰ ਮੰਡਲ ਦੇ ਮੈਂਬਰ ਅਰਸ਼ ਕਪੂਰ, ਆਪ ਆਗੂ ਪੁਸ਼ਕਰ ਭਾਟੀਆ, ਸੁਨੀਲ ਭਾਟੀਆ, ਸਰੋਜ ਵੋਹਰਾ, ਮਨਦੀਪ ਸਿੰਘ ਨਰੂਲਾ, ਸੰਨੀ ਬੱਤਰਾ, ਸਤਨਾਮ ਸਿੰਘ, ਨਵਪ੍ਰੀਤ ਸਿੰਘ, ਰਾਹੁਲ ਮਿਗਲਾਨੀ ਸਮੇਤ ਹੋਰ ਦੁਕਾਨਦਾਰ ਹਾਜ਼ਰ ਸਨ |