ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼
ਪਲਸ ਪੋਲੀਓ ਮੁਹਿੰਮ ਦੀ ਸਫ਼ਲਤਾ ਲਈ ਜਾਗਰੂਕਤਾ ਰੈਲੀ ਨੂੰ ਦਿਖਾਈ ਹਰੀ ਝੰਡੀ
ਅੰਮ੍ਰਿਤਸਰ, 28 ਜੂਨ (ਹਰਮਿੰਦਰ ਸਿੰਘ)-ਵਿਸ਼ਵ ਸਿਹਤ ਸੰਸਥਾ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਪਲਸ ਪੋਲੀਓ ਮੁਹਿੰਮ ਦੀ ਜ਼ਿਲ੍ਹੇ ਵਿਚ ਰਸਮੀ ਸ਼ੁਰੂਆਤ ਸਿਵਲ ਸਰਜਨ ਡਾ. ਰਸ਼ਮੀ ਵਿੱਜ ਵਲੋਂ ਚੌਂਕ ਫਵਾਰਾ ਵਿਖੇ ਸਥਾਪਿਤ ਪੋਲੀਓ ਬੂਥ ‘ਤੇ ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤੀ ਗਈ। ਇਸ ਮੌਕੇ ਪਲਸ ਪੋਲੀਓ ਮੁਹਿੰਮ ਦੀ ਸਫ਼ਲਤਾ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਇਕ ਆਟੋ ਰਿਕਸ਼ਾ ਜਾਗਰੂਕਤਾ ਰੈਲੀ ਨੂੰ ਵੀ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ: ਰਸ਼ਮੀ ਵਿੱਜ ਨੇ ਕਿਹਾ ਕਿ ਭਾਰਤ ਭਾਵੇਂ ਪੋਲੀਓ ਮੁਕਤ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੋ ਚੁੱਕਾ ਹੈ, ਪਰ ਇਸ ਉਪਲਬਧੀ ਨੂੰ ਬਰਕਰਾਰ ਰੱਖਣ ਲਈ ਪਲਸ ਪੋਲੀਓ ਮੁਹਿੰਮ ਨੂੰ ਲਗਾਤਾਰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੋਲੀਓ ਵਰਗੀ ਲਾ-ਇਲਾਜ ਬਿਮਾਰੀ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਸਿਹਤ ਵਿਭਾਗ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਦਾ ਸਹਿਯੋਗ ਬਹੁਤ ਜ਼ਰੂਰੀ ਹੈ।ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਦੀ 27,63,949 ਦੀ ਅਬਾਦੀ ‘ਚੋਂ 5,44,777 ਘਰਾਂ ‘ਚ ਰਹਿੰਦੇ 0 ਤੋਂ 5 ਸਾਲ ਉਮਰ ਦੇ 2,87,498 ਬੱਚਿਆਂ ਨੂੰ 1,193 ਟੀਮਾਂ ਵਲੋਂ ਘਰ-ਘਰ ਜਾ ਕੇ ਪੋਲੀਓ ਦੀਆਂ ਦੋ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਤੋਂ ਇਲਾਵਾ 255 ਸੁਪਰਵਾਈਜ਼ਰਾਂ ਵਲੋਂ ਮੁਹਿੰਮ ਦੀ ਨਿਗਰਾਨੀ ਅਤੇ ਨਿਰੀਖਣ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਬੱਚਾ ਪੋਲੀਓ ਦੀ ਖੁਰਾਕ ਤੋਂ ਵਾਂਝਾ ਨਾ ਰਹਿ ਜਾਵੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ: ਰਜਿੰਦਰ ਪਾਲ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਨੀਲਮ ਭਗਤ, ਡੀ.ਡੀ.ਐੱਚ.ਓ. ਡਾ. ਜਗਨਜੋਤ ਕੌਰ, ਜ਼ਿਲ੍ਹਾ ਐੱਮ.ਈ.ਆਈ.ਓ. ਅਮਰਦੀਪ ਸਿੰਘ, ਡਾ. ਨੇਹਾ ਅਗਰਵਾਲ ਸਮੇਤ ਸਿਹਤ ਵਿਭਾਗ ਦਾ ਸਟਾਫ਼ ਹਾਜ਼ਰ ਸੀ।
ਸਿਹਤ ਵਿਭਾਗ ਵਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ
ਅਜੀਤ ਡੈਸਕ
29-06-2026