ਤਲਵੰਡੀ ਚੌਧਰੀਆਂ, 28 ਜੂਨ (ਪਰਸਨ ਲਾਲ ਭੋਲਾ)-ਸਰਕਾਰ ਦੀ ਆਰਥਿਕ ਸਹਾਇਤਾ ਤੋਂ ਬਿਨਾਂ ਪੰਜਾਬ ਦੇ ਕਈ ਪਿੰਡਾਂ ਵਿਚ ਖੇਡਾਂ ਨਾਲ ਸ਼ੌਕ ਰੱਖਦੇ ਬਹੁਤ ਸਾਰੇ ਸਾਬਕਾ ਖਿਡਾਰੀ ਆਪਣੀ ਖੇਡ ਸ਼ੌਕ ਦੇ ਨਾਲ-ਨਾਲ ਛੋਟੇ ਅਤੇ ਵੱਡੇ ਬੱਚਿਆਂ ਨੂੰ ਖੇਡਾਂ ਲਈ ਪ੍ਰੇਰਿਤ ਕਰਦੇ ਹਨ | ਇਨ੍ਹਾਂ ਗੈਰ ਸਰਕਾਰੀ ਕੇਂਦਰਾਂ ਵਿਚ ਵੱਡੀ ਗਿਣਤੀ ਵਿਚ ਬੱਚੇ ਆਉਂਦੇ ਹਨ, ਜਿੱਥੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ, ਉੱਥੇ ਨਸ਼ੇ ਵਰਗੀਆਂ ਤੇ ਹੋਰ ਸਮਾਜ ਮਾਰੂ ਲਾਹਨਤਾਂ ਤੋਂ ਵੀ ਬਚਦੇ ਹਨ | ਉਕਤ ਸ਼ਬਦਾਂ ਦਾ ਪ੍ਰਗਟਾਵਾ ਵੀਰਪਾਲ ਵਾਲੀਬਾਲ ਕੋਚ ਅਤੇ ਮੌਜੂਦਾ ਮੈਂਬਰ ਪੰਚਾਇਤ ਹਰਜਾਪ ਸਿੰਘ ਸੰਧੂ ਅੰਤਰਰਾਸ਼ਟਰੀ ਰਗਬੀ ਖਿਡਾਰੀ ਨੇ ਸਾਂਝੇ ਤੌਰ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਵਾਲੀਬਾਲ ਕੋਚ ਵੀਰਪਾਲ ਤੇ ਰਗਬੀ ਕੋਚ ਹਰਜਾਪ ਸਿੰਘ ਸੰਧੂ ਨੇ ਦੱਸਿਆ ਕਿ ਗੈਰ ਸਰਕਾਰੀ ਖੇਡ ਕੇਂਦਰ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਚੌਧਰੀਆਂ ਦੇ ਖੇਡ ਮੈਦਾਨਾਂ ਵਿਚ ਚੱਲਦਾ ਹੈ | ਵਾਲੀਬਾਲ ਦੇ ਸਾਬਕਾ ਖਿਡਾਰੀ ਪ੍ਰਵਾਸੀ ਭਾਰਤੀ ਨੇ ਵਾਲੀਬਾਲ ਦੀ ਸ਼ਾਨਦਾਰ ਗਰਾਊਾਡ ਬਣਾ ਕੇ ਦਿੱਤੀ ਸੀ, ਜਿਸ ਦੀ ਸਾਂਭ ਸੰਭਾਲ ਕਰਦਿਆਂ ਇਸ ਗਰਾਊਾਡ ਨੇ ਵਾਲੀਬਾਲ ਦੇ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ | ਇਸ ਪਿੰਡ ਦੇ ਵਾਲੀਬਾਲ ਵਿਚ ਜਗਦੀਪ ਲਾਹੌਰੀ, ਸ਼ੇਰ ਸਿੰਘ ਘੁੰਮਾਣ ਅਤੇ ਵਰਿੰਦਰ ਪਾਲ ਮਿੱਠੂ , ਗੁਰਸ਼ਰਨ ਭੋਲਾ ਅਤੇ ਹਾਲ ਹੀ ਵਿਚ ਰੋਹਨ ਅੰਡਰ 17 ਖੇਡ ਕੇ ਆਇਆ ਹੈ | ਸਾਡੇ ਪਾਸ ਇਸ ਵੇਲੇ ਵਾਲੀਬਾਲ ਵਿਚ 20 ਤੋਂ 25 ਖਿਡਾਰੀ ਰੋਜ਼ਾਨਾ ਪ੍ਰੈਕਟਿਸ ਕਰਦੇ ਹਨ ਇਸੇ ਤਰ੍ਹਾਂ ਰਗਬੀ ਖੇਡ ਵਿਚ ਵੀ 25 ਤੋਂ 30 ਖਿਡਾਰੀ ਰੋਜ਼ਾਨਾ ਪ੍ਰੈਕਟਿਸ ਕਰਦੇ ਹਨ | ਉਨ੍ਹਾਂ ਅੱਗੇ ਦੱਸਿਆ ਕਿ ਖੇਡ ਭਾਵੇਂ ਮਹਿੰਗੀ ਹੈ ਪਰ ਸਾਲ ਵਿਚ ਇਕ ਦੋ ਵਾਰ ਖੇਡ ਮੇਲਿਆਂ ਤੇ ਗ੍ਰਾਮ ਪੰਚਾਇਤ ਤਲਵੰਡੀ ਚੌਧਰੀਆਂ ਅਤੇ ਬਾਬਾ ਸੁਖਜੀਤ ਸਿੰਘ ਜੋਗੀ ਅਤੇ ਦਾਨੀ ਸੱਜਣ ਸਾਡਾ ਮਾਣ ਸਤਿਕਾਰ ਕਰਦੇ ਹਨ ਉੱਥੇ ਬੱਚਿਆਂ ਦੀਆਂ ਖੇਡ ਗਤੀਵਿਧੀਆਂ ਨੂੰ ਚਾਲੂ ਰੱਖਣ ਲਈ ਸਮਾਨ ਵੀ ਦਿੰਦੇ ਰਹਿੰਦੇ ਹਨ | ਸਮੇਂ-ਸਮੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਚੌਧਰੀਆਂ ਦੇ ਪਿ੍ੰਸੀਪਲ ਅਤੇ ਖੇਡਾਂ ਨਾਲ ਪ੍ਰੇਮ ਰੱਖਣ ਵਾਲੇ ਅਧਿਆਪਕ ਯੋਗ ਸਹਾਇਤਾ ਕਰਦੇ ਰਹਿੰਦੇ ਹਨ | ਗੈਰ ਸਰਕਾਰੀ ਖੇਡ ਕੇਂਦਰ ਤਲਵੰਡੀ ਚੌਧਰੀਆਂ ਦੇ ਕੋਚ ਵੀਰਪਾਲ ਅਤੇ ਹਰਜਾਪ ਸਿੰਘ ਸੰਧੂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸਾਡੇ ਵੱਲੋਂ ਕੀਤੀ ਜਾ ਰਹੀ ਇਸ ਸੇਵਾ ਬਦਲੇ ਸਾਨੂੰ ਕੋਈ ਮਾਨ ਭੱਤਾ ਦਿੱਤਾ ਜਾਵੇ | ਤਾਂ ਜੋ ਅਸੀਂ ਇਸ ਖੇਡ ਕੇਂਦਰ ਵੱਲੋਂ ਜਿੱਥੇ ਚੰਗੇ ਖਿਡਾਰੀ ਪੈਦਾ ਕਰੀਏ ਉੱਥੇ ਨੌਜਵਾਨਾਂ ਵਿਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਵੀ ਠੱਲ੍ਹ ਪਾ ਸਕੀਏ ਅਤੇ ਨਰੋਏ ਸਮਾਜ ਦੀ ਉਸਾਰੀ ਵਿਚ ਆਪਣਾ ਅਤੇ ਇਸ ਖੇਡ ਕੇਂਦਰ ਦੇ ਨੌਜਵਾਨ ਦਾ ਸਾਰਥਿਕ ਯੋਗਦਾਨ ਪੈ ਸਕੇ |