ਸੁਲਤਾਨਪੁਰ ਲੋਧੀ, 28 ਜੂਨ (ਥਿੰਦ)-ਪੰਜਾਬ ਰਾਜ ਬਿਜਲੀ ਬੋਰਡ ਜੋ ਸੰਨ 2010 ਵਿਚ ਪੀ.ਐਸ.ਪੀ.ਸੀ.ਐਲ ਬਣ ਗਿਆ ਸੀ ਤੇ ਇਸ ਦੀ ਮੈਨੇਜਮੈਂਟ ਵੱਲੋਂ ਘਰੇਲੂ ਅਤੇ ਵਪਾਰਕ ਖਪਤਕਾਰਾਂ ਨੂੰ ਮੌਕੇ ਤੇ ਰੀਡਿੰਗ ਲੈ ਕੇ ਖਪਤਕਾਰਾਂ ਨੂੰ ਬਿੱਲ ਜਾਰੀ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਆਲ ਸਿੰਘ ਦੀਪੇਵਾਲ ਸਾਬਕਾ ਅਧਿਕਾਰੀ ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਦੱਸਿਆ ਕਿ ਹਰ ਮਹੀਨੇ ਸਪਾਟ ਬਿਲਿੰਗ ਪੋ੍ਰਸੈੱਸ ਤਹਿਤ 500 ਤੋਂ ਵੱਧ ਸਬ ਡਵੀਜ਼ਨਾਂ ਵਿਚ 35 ਲੱਖ ਖਪਤਕਾਰਾਂ ਨੂੰ ਬਿੱਲ ਜਾਰੀ ਕੀਤੇ ਜਾਂਦੇ ਹਨ ਅਤੇ ਇਸ ਕੰਮ ਲਈ ਪ੍ਰਾਈਵੇਟ ਕੰਪਨੀ ਦਾ 2500-3000 ਤੱਕ ਦਾ ਸਟਾਫ਼ ਕੰਮ ਕਰਦਾ ਹੈ | ਇਹ ਸਕੀਮ ਸ਼ੁਰੂ ਕਰਨਾ ਮਹਿਕਮੇ ਲਈ ਬਹੁਤ ਹੀ ਕਾਰਗਰ ਸਾਬਤ ਹੋਇਆ ਕਿਉਂਕਿ ਇਸ ਨਾਲ ਪੀ.ਐਸ.ਪੀ.ਸੀ.ਐਲ. ਨੂੰ ਕੈਸ਼ ਫਲੋਅ ਮੈਨੇਜਮੈਂਟ ਵਿਚ ਬਹੁਤ ਵੱਡਾ ਹੁਲਾਰਾ ਮਿਲਿਆ ਪਰ ਇਸ ਸਕੀਮ ਨੂੰ ਲਾਗੂ ਕਰਨ ਲਈ ਮੀਟਰ ਰੀਡਿੰਗ ਦਾ ਕੰਮ ਪ੍ਰਾਈਵੇਟ ਕੰਪਨੀ ਨੂੰ ਸੌਂਪਣਾ ਮੈਨੇਜਮੈਂਟ ਦਾ ਫ਼ੈਸਲਾ ਬਿਲਕੁਲ ਠੀਕ ਨਹੀਂ ਸੀ | ਉਨ੍ਹਾਂ ਦੱਸਿਆ ਕਿ ਉਸ ਸਮੇਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਵੀ ਇਸ ਦੀ ਸਖ਼ਤ ਵਿਰੋਧਤਾ ਕੀਤੀ ਗਈ ਜੋ ਕਿ ਵਾਜਬ ਸੀ ਅਤੇ ਉਸ ਫ਼ੈਸਲੇ ਦਾ ਨਤੀਜਾ ਅੱਜ ਪੀ.ਐਸ.ਪੀ.ਸੀ.ਐਲ. ਦੀ ਮੈਨੇਜਮੈਂਟ ਨੂੰ ਭੁਗਤਣਾ ਪੈ ਰਿਹਾ ਹੈ | 17-0-2026 ਤੋ ਪ੍ਰਾਈਵੇਟ ਕੰਪਨੀ ਦਾ ਮੀਟਰ ਰੀਡਰ ਸਟਾਫ਼ ਮਹਿਕਮੇ ਵਿਚ ਲੈਣ ਲਈ ਮੰਗ ਨੂੰ ਲੈ ਕੇ ਹੜਤਾਲ ਤੇ ਹੋਣ ਕਾਰਨ ਘਰੇਲੂ ਤੇ ਵਪਾਰਕ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਜਾਰੀ ਨਹੀਂ ਹੋ ਸਕੇ, ਜਿਸ ਕਾਰਨ ਪੀ.ਐਸ.ਪੀ.ਸੀ.ਐਲ. ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ ਤੇ ਮਹਿਕਮੇ ਦਾ ਅਕਸ ਵੀ ਖ਼ਰਾਬ ਹੋ ਰਿਹਾ ਹੈ | ਬੇਸ਼ੱਕ ਮਹਿਕਮੇ ਵੱਲੋਂ ਮੌਜੂਦਾ ਹਾਲਤਾਂ ਨੂੰ ਵੇਖਦੇ ਹੋਏ ਖਪਤਕਾਰਾਂ ਨੂੰ ਐਨ ਕੋਡ ਤੇ ਔਸਤ ਬਿੱਲ ਭੇਜਣ ਦਾ ਫ਼ੈਸਲਾ ਲਿਆ ਗਿਆ | ਸਹੀ ਮੀਟਰ ਰੀਡਿੰਗ ਬਿਲਿੰਗ ਦਾ ਆਧਾਰ ਹੈ ਅਤੇ ਮਹਿਕਮੇ ਵੱਲੋਂ ਉਸ ਸਮੇਂ ਸਪਾਟ ਬਿੱਲ ਸ਼ੁਰੂ ਕਰਨ ਲਈ ਦੂਰ-ਅੰਦੇਸ਼ੀ ਨਾਲ ਇਸ ਕੰਮ ਲਈ ਆਈ.ਟੀ.ਆਈ. ਇਲੈਕਟ੍ਰੀਕਲ ਸਟਾਫ਼ ਆਪਣੇ ਪੱਧਰ ਤੇ ਰੱਖਣਾ ਚਾਹੀਦਾ ਸੀ |