ਸੁਲਤਾਨਪੁਰ ਲੋਧੀ, 28 ਜੂਨ (ਨਰੇਸ਼ ਹੈਪੀ)-ਪੰਜਾਬ ਸਰਕਾਰ ਚੋਣਾਂ ਮੌਕੇ ਨੰਬਰਦਾਰਾਂ ਦੇ ਮਾਣ ਭੱਤੇ ਵਿਚ ਵਾਧਾ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆ ਕੇ ਲਾਗੂ ਕਰਨ ਦੇ ਆਪਣੇ ਵਾਅਦੇ ਨੂੰ ਭੁੱਲ ਚੁੱਕੀ ਹੈ ਅਤੇ ਹਮੇਸ਼ਾ ਹੀ ਨੰਬਰਦਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ, ਇਹ ਸ਼ਬਦ ਸਾਹਿਬ ਸਿੰਘ ਭੁੱਲਰ ਪ੍ਰਧਾਨ ਨੰਬਰਦਾਰ ਯੂਨੀਅਨ ਸੁਲਤਾਨਪੁਰ ਲੋਧੀ ਰਜਿ:643 ਸਮਰਾ ਗਰੁੱਪ ਨੇ ਪੈੱ੍ਰਸ ਨੂੰ ਜਾਰੀ ਇੱਕ ਬਿਆਨ ਰਾਹੀਂ ਕਹੇ | ਵਿਧਾਨ ਸਭਾ - ਹਲਕਾ ਸੁਲਤਾਨਪੁਰ ਲੋਧੀ ਤੋਂ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸਾਹਿਬ ਸਿੰਘ ਭੁੱਲਰ ਤੇ ਸਾਬਕਾ ਪ੍ਰਧਾਨ ਮੰਗਲ ਸਿੰਘ ਭੱਟੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਮੁੱਖ ਮੰਤਰੀ ਪੰਜਾਬ ਅਤੇ ਸਬੰਧਿਤ ਮੰਤਰੀਆਂ ਨੂੰ ਕਈ ਵਾਰ ਲਿਖਤੀ ਮੰਗ-ਪੱਤਰ ਸੌਂਪੇ ਜਾ ਚੁੱਕੇ ਹਨ ਜਿਨ੍ਹਾਂ ਵਿਚ ਨੰਬਰਦਾਰਾਂ ਦੇ ਮਾਣ ਭੱਤੇ ਵਿਚ ਵਾਜਬ ਵਾਧੇ ਦੀ ਮੰਗ ਕੀਤੀ ਗਈ ਹੈ | ਵ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਰਪੰਚਾਂ ਨੂੰ 10 ਹਜ਼ਾਰ ਰੁਪਏ ਮਹੀਨਾਵਾਰ ਮਾਣ ਭੱਤਾ ਦੇਣ ਦਾ ਫ਼ੈਸਲਾ ਸਵਾਗਤਯੋਗ ਹੈ ਅਤੇ ਇਸ ਨਾਲ ਪੇਂਡੂ ਪ੍ਰਸ਼ਾਸਨ ਨੂੰ ਮਜ਼ਬੂਤੀ ਮਿਲੇਗੀ | ਪ੍ਰਧਾਨ ਸਾਹਿਬ ਸਿੰਘ ਭੁੱਲਰ ਤੇ ਸਾਬਕਾ ਪ੍ਰਧਾਨ ਮੰਗਲ ਭੱਟੀ ਨੇ ਕਿਹਾ ਕਿ ਇਸੇ ਤਰ੍ਹਾਂ ਨੰਬਰਦਾਰਾਂ ਦੀਆਂ ਸੇਵਾਵਾਂ ਅਤੇ ਯੋਗਦਾਨ ਨੂੰ ਵੀ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ | ਉਨ੍ਹਾਂ ਲਈ ਵੀ 10 ਹਜ਼ਾਰ ਰੁਪਏ ਮਹੀਨਾਵਾਰ ਮਾਣ ਭੱਤਾ ਲਾਗੂ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਕਿ ਕਿਹਾ ਕਿ ਨੰਬਰਦਾਰ ਸਰਕਾਰੀ ਹੁਕਮਾਂ ਦੀ ਪਾਲਣਾ ਕਰਵਾਉਣ, ਮਾਲੀ ਅਤੇ ਪ੍ਰਸ਼ਾਸਕੀ ਕਾਰਜਾਂ ਵਿਚ ਸਹਿਯੋਗ ਦੇਣ ਅਤੇ ਪਿੰਡਾਂ ਵਿਚ ਸਰਕਾਰੀ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇਸ ਮੌਕੇ ਸਾਬਕਾ ਪ੍ਰਧਾਨ ਮੰਗਲ ਸਿੰਘ ਭੱਟੀ ਬੂੜੇਵਾਲ, ਜਨਰਲ ਸਕੱਤਰ ਕੁਲਦੀਪ ਸਿੰਘ ਸਾਂਗਰਾਂ, ਨੰਬਰਦਾਰ ਅਮਰਜੀਤ ਸਿੰਘ ਫ਼ੌਜੀ ਕਲੋਨੀ, ਨੰਬਰਦਾਰ ਸਤਨਾਮ ਸਿੰਘ ਬੂਸੋਵਾਲ, ਨੰਬਰਦਾਰ ਜੋਗਾ ਸਿੰਘ, ਨੰਬਰਦਾਰ ਬਲਦੇਵ ਸਿੰਘ, ਨੰਬਰਦਾਰ ਸੁਖਦੇਵ ਸਿੰਘ ਕਬੀਰ ਪੁਰ, ਨੰਬਰਦਾਰ ਰੇਸ਼ਮ ਸਿੰਘ, ਨੰਬਰਦਾਰ ਸੁਖਜਿੰਦਰ ਸਿੰਘ, ਨੰਬਰਦਾਰ ਭਜਨ ਸਿੰਘ ਭਾਗੋਰਾਈਆਂ ਆਦਿ ਵੀ ਹਾਜ਼ਰ ਸਨ |