ਕਪੂਰਥਲਾ, 29 ਜੂਨ (ਵਿਸ਼ੇਸ਼ ਪ੍ਰਤੀਨਿਧ)-ਮਿਡ ਡੇ ਮੀਲ ਵਰਕਰਾਂ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਵਿਖਾਵਾ ਕੀਤਾ| ਇਸ ਮੌਕੇ ਬੋਲਦਿਆਂ ਯੂਨੀਅਨ ਦੀ ਸੂਬਾਈ ਆਗੂ ਮਮਤਾ ਸੈਦਪੁਰ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਮਾਵਾਂ ਧੀਆਂ ਸਤਿਕਾਰ ਯੋਜਨਾ ਰਾਹੀਂ ਔਰਤਾਂ ਦੇ ਸਨਮਾਨ ਤੇ ਸ਼ਸ਼ਕਤੀਕਰਨ ਦੀ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਪਿਛਲੇ ਕਈ ਸਾਲਾਂ ਤੋਂ ਨਿਗੁਣੇ ਮਾਣਭੱਤੇ ‘ਤੇ ਸੇਵਾ ਨਿਭਾ ਰਹੀਆਂ ਹਜ਼ਾਰਾਂ ਮਿਡ ਡੇ ਮੀਲ ਵਰਕਰਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਪਿਛਲੇ ਚਾਰ ਸਾਲਾਂ ਦੇ ਰਾਜ ਦੌਰਾਨ ਮਿਡ ਡੇ ਮੀਲ ਵਰਕਰਾਂ ਦੇ ਮਾਣਭੱਤੇ ਵਿਚ ਇਕ ਰੁਪਏ ਦਾ ਵਾਧਾ ਨਹੀਂ ਕੀਤਾ ਜੋ ਸਰਾਸਰ ਬੇਇਨਸਾਫ਼ੀ ਹੈ | ਉਨ੍ਹਾਂ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਮਿਡ ਡੇ ਮੀਲ ਵਰਕਰਾਂ ਨੂੰ ਪੰਜਾਬ ਸਰਕਾਰ ਵਲੋਂ ਗੈਰਹੁਨਰਮੰਦ ਕਾਮਿਆਂ ਲਈ ਨਿਰਧਾਰਿਤ ਕੀਤੀ 26 ਹਜ਼ਾਰ ਰੁਪਏ ਪ੍ਰਤੀ ਮਹੀਨਾ ਘੱਟੋ ਘੱਟ ਉਜਰਤ ਦਿੱਤੀ ਜਾਵੇ, ਮਾਣ ਭੱਤੇ ਵਿਚ ਵਾਧਾ ਸਾਲਾਨਾ ਇੰਕਰੀਮੈਂਟ, ਭੱਤਿਆਂ ਦੀ ਸਮੇਂ ਸਿਰ ਅਦਾਇਗੀ, ਮੈਡੀਕਲ ਸਹੂਲਤਾਂ, ਈ.ਐੱਸ.ਆਈ. ਤੇ ਪੀ.ਐਫ. ਦੀ ਸਹੂਲਤ, ਦੁਰਘਟਨਾ ਬੀਮਾ, ਪ੍ਰਸਤੂਤਾ ਛੁੱਟੀਆਂ, ਸੇਵਾ ਸੁਰੱਖਿਆ ਤੇ ਸੇਵਾ ਮੁਕਤੀ ਦੇ ਲਾਭ ਤੇ ਹੋਰ ਸਮਾਜਿਕ ਸੁਰੱਖਿਆ ਨਾਲ ਸਬੰਧਿਤ ਸਹੂਲਤਾਂ ਬਿਨਾਂ ਦੇਰੀ ਦਿੱਤੀਆਂ ਜਾਣ | ਮਮਤਾ ਸੈਦਪੁਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਮਿਡ ਡੇ ਮੀਲ ਵਰਕਰ 1 ਜੁਲਾਈ ਤੋਂ ਪੰਜਾਬ ਸਰਕਾਰ ਦੇ ਸਰਕਾਰੀ ਸਕੂਲਾਂ ਵਿਚ ਮਿਡ ਡੇ ਮੀਲ ਦਾ ਕੰਮ ਬੰਦ ਕਰਨਗੀਆਂ ਤੇ ਇਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ | ਇਸ ਮੌਕੇ ਬੋਲਦਿਆਂ ਯੂਨੀਅਨ ਦੇ ਚੇਅਰਮੈਨ ਬਲਦੇਵ ਸਿੰਘ ਨੇ ਕਿਹਾ ਕਿ ਸਰਕਾਰ ਮਿਡ ਡੇ ਮੀਲ ਦੀਆਂ ਜਾਇਜ਼ ਮੰਗਾਂ ਉਨ੍ਹਾਂ ਨਾਲ ਮੀਟਿੰਗ ਕਰਕੇ ਤੁਰੰਤ ਹੱਲ ਕਰੇ ਤਾਂ ਜੋ 1 ਜੁਲਾਈ ਤੋਂ ਮਿਡ ਡੇ ਮੀਲ ਬੰਦ ਕਰਨ ਦੀ ਨੌਬਤ ਨਾ ਆਵੇ | ਮੀਟਿੰਗ ਵਿਚ ਯੂਨੀਅਨ ਨਾਲ ਸਬੰਧਿਤ ਵੱਡੀ ਗਿਣਤੀ ਵਿਚ ਮਿਡ ਡੇ ਮੀਲ ਵਰਕਰ ਹਾਜ਼ਰ ਸਨ |
ਮਿਡ-ਡੇ-ਮੀਲ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਪੂਰਥਲਾ ਵਿਚ ਸਰਕਾਰ ਵਿਰੁੱਧ ਕੀਤਾ ਰੋਸ ਵਿਖਾਵਾ
ਅਜੀਤ ਡੈਸਕ
30-06-2026