ਫਗਵਾੜਾ, 30 ਜੂਨ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਹੁਸ਼ਿਆਰਪੁਰ ਰੋਡ ‘ਤੇ ਸਥਿਤ ਜੈਨ ਮਾਡਲ ਸਕੂਲ ਤੇ ਗਰੀਨ ਐਵਿਨਿਊ ਦੀ ਬੈਕ ਸਾਈਡ ਨਾਲ ਲੱਗਦੇ ਗੰਦੇ ਨਾਲੇ ਦੀ ਸਫ਼ਾਈ ਦੌਰਾਨ ਕੱਢੀ ਗਈ ਗੰਦਗੀ ਨੂੰ ਸੜਕ ‘ਤੇ ਹੀ ਸੁੱਟੇ ਜਾਣ ਕਾਰਨ ਇਲਾਕਾ ਵਾਸੀਆਂ ਨੇ ਰੋਸ ‘ਚ ਆ ਕੇ ਸਫ਼ਾਈ ਦਾ ਕੰਮ ਰੁਕਵਾ ਦਿੱਤਾ ਤੇ ਪ੍ਰਸ਼ਾਸਨ ਖ਼ਿਲਾਫ਼ ਧਰਨਾ ਲੱਗਾ ਦਿੱਤਾ | ਮੁਹੱਲਾ ਵਾਸੀਆਂ ਤੇ ਸਾਬਕਾ ਮੇਅਰ ਅਰੁਣ ਖੋਸਲਾ, ਰਣਜੀਤ ਸਿੰਘ ਖੁਰਾਨਾ ਅਕਾਲੀ ਦਲ ਦੇ ਹਲਕਾ ਇੰਚਾਰਜ, ਕੌਂਸਲਰ ਵੀਰਾ ਰਾਮ, ਜਸਵਿੰਦਰ ਸਿੰਘ ਭਗਤਪੁਰਾ, ਕੁਲਵਿੰਦਰ ਸਿੰਘ ਕਿੰਦਾ, ਸੁਰਿੰਦਰ ਸਿੰਘ ਆਦਿ ਨੇ ਕਿ ਇਹ ਸਮੱਸਿਆ ਕੋਈ ਨਵੀਂ ਨਹੀਂ, ਸਗੋਂ ਪਿਛਲੇ ਸਾਲ ਵੀ ਨਗਰ ਨਿਗਮ ਵੱਲੋਂ ਨਾਲੇ ਦੀ ਸਫ਼ਾਈ ਕਰਕੇ ਸਾਰੀ ਗੰਦਗੀ ਸੜਕ ‘ਤੇ ਹੀ ਛੱਡ ਦਿੱਤੀ ਗਈ ਸੀ, ਜਿਸ ਕਾਰਨ ਕਈ ਮਹੀਨਿਆਂ ਤੱਕ ਲੋਕਾਂ ਨੂੰ ਬਦਬੂ, ਗੰਦਗੀ ਅਤੇ ਆਵਾਜਾਈ ‘ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਮਹੱਲਾ ਵਾਸੀਆਂ ਅਨੁਸਾਰ ਕਰੀਬ ਇੱਕ ਸਾਲ ਬਾਅਦ ਇੱਕ ਵਾਰ ਫਿਰ ਨਗਰ ਨਿਗਮ ਵੱਲੋਂ ਮਸ਼ੀਨ ਨਾਲ ਨਾਲੇ ਦੀ ਸਫ਼ਾਈ ਸ਼ੁਰੂ ਕੀਤੀ ਗਈ, ਪਰ ਇਸ ਵਾਰ ਵੀ ਉਹੀ ਪੁਰਾਣੀ ਗ਼ਲਤੀ ਦੁਹਰਾਈ ਗਈ ਤੇ ਨਾਲੇ ‘ਚੋਂ ਕੱਢੀ ਗਈ ਗੰਦਗੀ ਸੜਕ ‘ਤੇ ਹੀ ਸੁੱਟਣੀ ਸ਼ੁਰੂ ਕਰ ਦਿੱਤੀ ਗਈ | ਲੋਕਾਂ ਦਾ ਕਹਿਣਾ ਸੀ ਕਿ ਜੇਕਰ ਨਾਲੇ ਦੀ ਸਫ਼ਾਈ ਕੀਤੀ ਜਾ ਰਹੀ ਹੈ ਤਾਂ ਉਸ ਵਿਚੋਂ ਨਿਕਲਣ ਵਾਲੀ ਗੰਦਗੀ ਨੂੰ ਵੀ ਤੁਰੰਤ ਮੌਕੇ ਤੋਂ ਚੁੱਕਿਆ ਜਾਣਾ ਚਾਹੀਦਾ ਹੈ | ਸੜਕ ‘ਤੇ ਗੰਦਗੀ ਦੇ ਢੇਰ ਲੱਗਣ ਕਾਰਨ ਰਾਹਗੀਰਾਂ, ਵਾਹਨ ਚਾਲਕਾਂ ਤੇ ਇਲਾਕਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਬਦਬੂ ਕਾਰਨ ਆਸ-ਪਾਸ ਰਹਿਣਾ ਵੀ ਮੁਸ਼ਕਲ ਹੋ ਜਾਂਦਾ ਹੈ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਜਦੋਂ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਤਾਂ ਗ਼ੁੱਸੇ ‘ਚ ਆਏ ਮੁਹੱਲਾ ਵਾਸੀਆਂ ਨੇ ਹੁਸ਼ਿਆਰਪੁਰ ਰੋਡ ‘ਤੇ ਧਰਨਾ ਲਗਾ ਦਿੱਤਾ ਤੇ ਨਗਰ ਨਿਗਮ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਧਰਨੇ ਕਾਰਨ ਕਰੀਬ ਦੋ ਤੋਂ ਢਾਈ ਘੰਟੇ ਤੱਕ ਸੜਕ ‘ਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ ਤੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ | ਟਰੈਫ਼ਿਕ ਜਾਮ ‘ਚ ਫਸੇ ਲੋਕਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਡਿਪਟੀ ਮੇਅਰ ਵਿੱਕੀ ਸੂਦ ਮੌਕੇ ‘ਤੇ ਪਹੁੰਚੇ | ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਦੋ ਦਿਨਾਂ ਦੇ ਅੰਦਰ-ਅੰਦਰ ਸੜਕ ‘ਤੇ ਪਈ ਸਾਰੀ ਗੰਦਗੀ ਚੁਕਵਾ ਦਿੱਤੀ ਜਾਵੇਗੀ ਤੇ ਇਲਾਕੇ ਦੀ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇਗਾ | ਜਿਸ ਭਰੋਸੇ ਤੋਂ ਬਾਅਦ ਮਹੱਲਾ ਵਾਸੀਆਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ |