ਸੁਲਤਾਨਪੁਰ ਲੋਧੀ, 30 ਜੂਨ (ਥਿੰਦ)-ਹਲਕਾ ਸੁਲਤਾਨਪੁਰ ਲੋਧੀ ਅੰਦਰ ਉੱਚ ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਵਾਲੀ ਪ੍ਰਸਿੱਧ ਸੰਸਥਾ ਫਾਲਕਨ ਇੰਟਰਨੈਸ਼ਨਲ ਸਕੂਲ ਸਵਾਲ ਵਿਖੇ ਵਿਸ਼ਵ ਸੋਸ਼ਲ ਮੀਡੀਆ ਦਿਵਸ ਬੜੇ ਉਤਸ਼ਾਹ ਨਾਲ ਆਨਲਾਈਨ ਮਨਾਇਆ ਗਿਆ | ਇਹ ਆਨਲਾਈਨ ਸਮਾਗਮ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਨਵਦੀਪ ਕੌਰ ਢਿੱਲੋਂ, ਪਿ੍ੰਸੀਪਲ ਪ੍ਰਵੀਨ ਕੌਰ ਤੇ ਵਾਈਸ ਪਿ੍ੰਸੀਪਲ ਰਵਿੰਦਰਜੀਤ ਕੌਰ ਦੀ ਯੋਗ ਅਗਵਾਈ ਤੇ ਐਕਟੀਵਿਟੀ ਇੰਚਾਰਜ ਸ਼ਰਨਜੀਤ ਕੌਰ ਦੀ ਦੇਖ-ਰੇਖ ਵਿਚ ਆਯੋਜਿਤ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਘਰ ਬੈਠੇ ਹੀ ਸੋਸ਼ਲ ਮੀਡੀਆ ਦੇ ਲਾਭਾਂ ਅਤੇ ਹਾਨੀਆਂ ਸਬੰਧੀ ਪ੍ਰਭਾਵਸ਼ਾਲੀ ਭਾਸ਼ਣ ਆਨਲਾਈਨ ਪੇਸ਼ ਕਰਕੇ ਇਸ ਦੇ ਸਹੀ ਅਤੇ ਜ਼ਿੰਮੇਵਾਰਾਨਾ ਉਪਯੋਗ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਘਰ ਬੈਠ ਕੇ ਹੀ ਪੋਸਟਰ ਮੇਕਿੰਗ ਗਤੀਵਿਧੀ ਵਿਚ ਆਨਲਾਈਨ ਭਾਗ ਲੈਂਦਿਆਂ ਰੰਗ-ਬਰੰਗੇ ਤੇ ਸੰਦੇਸ਼ ਭਰਪੂਰ ਪੋਸਟਰ ਤਿਆਰ ਕੀਤੇ, ਜਿਨ੍ਹਾਂ ਰਾਹੀਂ ਡਿਜੀਟਲ ਜਾਗਰੂਕਤਾ, ਸੁਰੱਖਿਅਤ ਇੰਟਰਨੈੱਟ ਦੀ ਵਰਤੋਂ ਤੇ ਸੋਸ਼ਲ ਮੀਡੀਆ ਦੇ ਸੁਚੱਜੇ ਇਸਤੇਮਾਲ ਦਾ ਸੰਦੇਸ਼ ਦਿੱਤਾ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਨਵਦੀਪ ਕੌਰ ਢਿੱਲੋਂ ਨੇ ਵਿਦਿਆਰਥੀਆਂ ਨੂੰ ਆਨਲਾਈਨ ਸੰਬੋਧਨ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਅੱਜ ਦੇ ਯੁੱਗ ਦਾ ਇੱਕ ਮਹੱਤਵਪੂਰਨ ਸੰਚਾਰ ਮਾਧਿਅਮ ਹੈ, ਜਿਸ ਦੀ ਵਰਤੋਂ ਹਮੇਸ਼ਾ ਸੂਝ-ਬੂਝ, ਜ਼ਿੰਮੇਵਾਰੀ ਅਤੇ ਸਕਾਰਾਤਮਿਕ ਸੋਚ ਨਾਲ ਕਰਨੀ ਚਾਹੀਦੀ ਹੈ | ਪਿ੍ੰਸੀਪਲ ਪਰਵੀਨ ਕੌਰ ਨੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਵੀ ਅਜਿਹੀਆਂ ਗਿਆਨ ਵਰਧਕ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ |