ਕਪੂਰਥਲਾ, 1 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹੇ ਵਿਚ ਐਸ.ਆਈ.ਆਰ. ਮੁਹਿੰਮ ਤਹਿਤ ਘਰ-ਘਰ ਜਾ ਕੇ ਵੰਡੇ ਗਏ 12394 ਗਣਨਾ ਫਾਰਮ ਬੀ.ਐਲ.ਓਜ਼ ਵਲੋਂ ਡਿਜੀਟਾਈਜ਼ ਕੀਤੇ ਜਾ ਚੁੱਕੇ ਹਨ | ਇਹ ਜਾਣਕਾਰੀ ਦਿੰਦਿਆਂ ਅਕਾਸ਼ ਬਾਂਸਲ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ | ਉਨ੍ਹਾਂ ਕਿਹਾ ਕਿ ਬੀ.ਐਲ.ਓਜ਼ ਵਲੋਂ ਵੋਟਰਾਂ ਪਾਸੋਂ ਪ੍ਰਾਪਤ ਕੀਤੇ ਗਏ ਮੁਕੰਮਲ ਗਣਨਾ ਫਾਰਮਾਂ ਨੂੰ ਮੋਬਾਈਲ ਐਪ ਵਿਚ ਡਿਜੀਟਾਈਜ਼ ਕਰਨ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ | ਉਨ੍ਹਾਂ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਹਰੇਕ ਪੋਿਲੰਗ ਬੂਥ ‘ਤੇ 10 ਪ੍ਰਤੀਸ਼ਤ ਫਾਰਮ ਰੋਜ਼ਾਨਾ ਡਿਜੀਟਾਈਜ਼ ਕਰਵਾਉਣਾ ਯਕੀਨੀ ਬਣਾਉਣ ਤੇ ਪੋਿਲੰਗ ਸਟੇਸ਼ਨਾਂ ਦੇ ਪੁਨਰਗਠਨ ਸਬੰਧੀ ਡਰਾਫ਼ਟ ਪੋਿਲੰਗ ਸਟੇਸ਼ਨਾਂ ਦੀ ਸੂਚੀ ਜਲਦੀ ਮੁਹੱਈਆ ਕਰਵਾਈ ਜਾਵੇ | ਜ਼ਿਲ੍ਹਾ ਚੋਣ ਅਫ਼ਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਸ.ਆਈ.ਆਰ. ਮੁਹਿੰਮ ਤਹਿਤ ਬੀ.ਐਲ.ਓਜ਼ ਨੂੰ ਸਹਿਯੋਗ ਦੇਣ ਤਾਂ ਜੋ ਕੋਈ ਵੀ ਯੋਗ ਵੋਟਰ ਵੋਟਾਂ ਬਣਾਉਣ ਤੋਂ ਵਾਂਝਾ ਨਾ ਰਹਿ ਜਾਵੇ | ਉਨ੍ਹਾਂ ਕਿਹਾ ਕਿ ਘਰ-ਘਰ ਗਣਨਾ ਮੁਹਿੰਮ 24 ਜੁਲਾਈ ਤੱਕ ਜਾਰੀ ਰਹੇਗੀ ਤੇ ਇਸੇ ਮਿਤੀ ਤੱਕ ਜ਼ਿਲ੍ਹੇ ਵਿਚਲੇ ਪੋਿਲੰਗ ਸਟੇਸ਼ਨਾ ਦਾ ਪੁਨਰਗਠਨ ਦਾ ਕੰਮ ਵੀ ਮੁਕੰਮਲ ਕਰ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਚੋਣ ਸ਼ਡਿਊਲ ਅਨੁਸਾਰ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾਂ ਸਾਰੀ ਪ੍ਰਕਿਰਿਆ ਉਪਰੰਤ 3 ਅਗਸਤ ਤੱਕ ਕੀਤੀ ਜਾਵੇਗੀ | ਉਸਤੋਂ ਬਾਅਦ 2 ਸਤੰਬਰ ਤੱਕ ਦਾਅਵੇ ਤੇ ਇਤਰਾਜ਼ ਲਏ ਜਾਣਗੇ ਜਿਨ੍ਹਾਂ ਦਾ ਨਿਪਟਾਰਾ 3 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਵੇਗਾ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਹ ਸਾਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾਂ 1 ਅਕਤੂਬਰ ਨੂੰ ਹੋਵੇਗੀ | ਮੀਟਿੰਗ ਵਿਚ ਚੋਣ ਤਹਿਸੀਲਦਾਰ ਅਰਮਿੰਦਰ ਸਿੰਘ, ਚੋਣ ਕਾਨੂੰਗੋ ਪੂਜਾ ਕੱਕੜ, ਕਮਲ ਕਿਸ਼ੋਰ ਤੇ ਹੋਰ ਮੁਲਾਜ਼ਮ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |
ਐਸ.ਆਈ.ਆਰ. ਮੁਹਿੰਮ ਤਹਿਤ ਬੀ.ਐਲ.ਓਜ਼ ਨੇ 12,394 ਫਾਰਮ ਡਿਜੀਟਾਈਜ਼ ਕੀਤੇ-ਵਿਕਾਸ ਬਾਂਸਲ
ਅਜੀਤ ਡੈਸਕ
02-07-2026