ਕਪੂਰਥਲਾ, 2 ਜੁਲਾਈ (ਅਮਰਜੀਤ ਕੋਮਲ)-ਜ਼ਿਲ੍ਹੇ ਵਿਚ ਸੜਕ ਸੁਰੱਖਿਆ ਨਿਯਮਾਂ ਨੂੰ ਜ਼ਮੀਨੀ ਪੱਧਰ ‘ਤੇ ਸਖ਼ਤੀ ਨਾਲ ਲਾਗੂ ਕਰਨ ਤੇ ਨਿਰੰਤਰ ਨਿਗਰਾਨੀ ਦੀ ਜ਼ਿਲ੍ਹਾ ਹਾਈਵੇ ਸੇਫ਼ਟੀ ਟਾਸਕ ਫੋਰਸ ਦਾ ਗਠਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਤੇ ਇਸ ਸਾਂਝੇ ਟਾਸਕ ਫੋਰਸ ਵਿਚ ਪੁਲਿਸ ਵਿਭਾਗ, ਟਰਾਂਸਪੋਰਟ ਵਿਭਾਗ, ਨੈਸ਼ਨਲ ਹਾਈਵੇ ਅਥਾਰਿਟੀ ਦੇ ਸੀਨੀਅਰ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਹੋਣਗੇ। ਇਹ ਗੱਲ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਸੁਪਰੀਮ ਕੋਰਟ ਵਲੋਂ ਰੋਡ ਸੇਫ਼ਟੀ ਸੰਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਜ਼ਿਲ੍ਹੇ ਵਿਚ ਇਨ-ਬਿਨ ਪਾਲਣਾ ਯਕੀਨੀ ਬਣਾਉਣ ਅਤੇ ਇਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਸੜਕੀ ਹਾਦਸਿਆਂ ’ਚ ਜਾਨ ਵਾਲੀਆਂ ਕੀਮਤੀ ਜਾਨਾਂ ਦੀ ਰੱਖਿਆ ਕਰਨ ਤੇ ਸੁਚਾਰੂ ਆਵਾਜਾਈ ਵਿਵਸਥਾ ਬਰਕਰਾਰ ਰੱਖਣ ਲਈ ਅਧਿਕਾਰੀਆਂ ਨੂੰ ਸਖ਼ਤ ਲਹਿਜ਼ੇ ਵਿਚ ਹਦਾਇਤ ਕੀਤੀ ਕਿ ਨੈਸ਼ਨਲ ’ਤੇ ਹਾਈਵੇ ਦੇ ਕਿਨਾਰਿਆਂ ‘ਤੇ ਭਾਰੀ ਵਾਹਨਾਂ ਦੀ ਗੈਰ ਕਾਨੂੰਨੀ ਪਾਰਕ ਨੂੰ ਮੁਕੰਮਲ ਤੌਰ ‘ਤੇ ਬੰਦ ਕੀਤਾ ਜਾਵੇ| ਉਨ੍ਹਾਂ ਕਿਹਾ ਕਿ ਹਾਈਵੇ ‘ਤੇ ਗਲਤ ਤਰੀਕੇ ਨਾਲ ਖੜ੍ਹੇ ਕੀਤੇ ਗਏ ਭਾਰੀ ਵਾਹਨ ਅਕਸਰ ਘਾਤਕ ਸੜਕੀ ਹਾਦਸਿਆਂ ਦਾ ਮੁੱਖ ਕਾਰਨ ਬਣਦੇ ਹਨ| ਇਸ ਲਈ ਅਜਿਹੇ ਵਾਹਨ ਚਾਲਕਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਚਲਾਨ ਕਰਕੇ ਉਨ੍ਹਾਂ ਦੇ ਵਾਹਨ ਜ਼ਬਤ ਕੀਤੇ ਜਾਣ ਤੇ ਨਾਲ ਹੀ ਸੜਕਾਂ, ਫੁੱਟਪਾਥਾਂ ਤੇ ਹਾਈਵੇ ਦੇ ਆਲੇ ਦੁਆਲੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਤੁਰੰਤ ਹਟਾਇਆ ਜਾਵੇ ਤਾਂ ਜੋ ਰਾਹਗੀਰਾਂ ਤੇ ਗੱਡੀਆਂ ਦੀ ਆਵਾਜਾਈ ਵਿਚ ਕੋਈ ਰੁਕਾਵਟ ਨਾ ਆਵੇ| ਸੁਪਰੀਮ ਕੋਰਟ ਦਾ ਹਵਾਲਾ ਦਿੰਦਿਆਂ ਅਕਾਸ਼ ਬਾਂਸਲ ਨੇ ਕਿਹਾ ਕਿ ਕੋਈ ਵੀ ਸਰਕਾਰੀ, ਅਰਧ ਸਰਕਾਰੀ ਜਾਂ ਨਿੱਜੀ ਵਿਭਾਗ ਨੈਸ਼ਨਲ ਤੇ ਸਟੇਟ ਹਾਈਵੇ ਅਥਾਰਿਟੀ ਤੋਂ ਬਿਨਾਂ ਐਨ. ਓ. ਸੀ. ਲਏ ਹਾਈਵੇ ਦੀ ਹੱਦ ਅੰਦਰ ਕਿਸੇ ਵੀ ਤਰ੍ਹਾਂ ਦੀ ਉਸਾਰੀ ਜਾਂ ਵਿਕਾਸ ਕਾਰਜ ਨਹੀਂ ਕਰ ਸਕੇਗਾ| ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਭਾਗ ਜਾਂ ਵਿਅਕਤੀ ਬਿਨਾਂ ਪ੍ਰਵਾਨਗੀ ਤੇ ਉਸਾਰੀ ਕਰਦਾ ਹੈ ਪਾਇਆ ਗਿਆ ਤਾਂ ਤੁਰੰਤ ਉਸ ਵਿਰੁੱਧ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ| ਉਨ੍ਹਾਂ ਕਿਹਾ ਕਿ ਟਾਸਕ ਫੋਰਸ ਜ਼ਿਲ੍ਹੇ ਦੇ ਸਾਰੇ ਮੁੱਖ ਮਾਰਗਾਂ ‘ਤੇ ਨਿਯਮਿਤ ਚੈਕਿੰਗ ਮੁਹਿੰਮ ਚਲਾਏਗੀ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ| ਉਨ੍ਹਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਤੇ ਦੂਜਿਆਂ ਦੀ ਸੁਰੱਖਿਆ ਲਈ ਸੜਕ ਸੁਰੱਖਿਆ ਨਿਯਮਾਂ ਦੀ ਇਨ-ਬਿਨ ਪਾਲਣਾ ਕਰਨ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਵਿਚ ਪੂਰਾ ਸਹਿਯੋਗ ਦੇਣ| ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਦਾਲਤੀ ਹੁਕਮਾਂ ਦੀ ਪਾਲਣਾ ਵਿਚ ਕਿਸੇ ਵੀ ਪੱਧਰ ‘ਤੇ ਕੋਈ ਵੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ| ਇਸ ਮੌਕੇ ਹਰਕਰਮ ਸਿੰਘ ਰਿਜਨਲ ਟਰਾਂਸਪੋਰਟ ਅਫ਼ਸਰ ਕਪੂਰਥਲਾ ਤੋਂ ਇਲਾਵਾ ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |