ਕਪੂਰਥਲਾ, 3 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਵਿਜੀਲੈਂਸ ਬਿਊਰੋ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਦੇ ਸਾਇੰਸ ਅਧਿਆਪਕ ਕਮ ਕਾਨੂੰਨੀ ਸਲਾਹਕਾਰ ਪਰਮਜੀਤ ਸਿੰਘ ਨੂੰ ਐਜੂਰਾਈਟ ਇੰਟਰਪ੍ਰਾਈਜ਼ਜ਼ ਦੇ ਮਾਲਕ ਸਤਿੰਦਰਬੀਰ ਸਿੰਘ ਕੋਲੋਂ ਸਾਈਕੋਮੈਟਿ੍ਕ ਟੈਸਟਿੰਗ ਅਲਾਟ ਕਰਨ ਬਦਲੇ ਕਥਿਤ ਤੌਰ ‘ਤੇ ਪ੍ਰਤੀ ਵਿਦਿਆਰਥੀ 200 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿਚ ਗਿ੍ਫ਼ਤਾਰ ਕਰ ਲਿਆ ਹੈ| ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਗਿ੍ਫ਼ਤਾਰ ਮੁੱਖ ਮੰਤਰੀ ਦੇ ਭਿ੍ਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ‘ਤੇ ਸੇਵਾਮੁਕਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਤਿੰਦਰਬੀਰ ਸਿੰਘ ਵਲੋਂ ਪਿਛਲੇ ਅਰਸੇ ਦੌਰਾਨ ਦਰਜ ਕਰਵਾਈ ਗਈ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਕੀਤੀ ਗਈ| ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸੇਵਾ ਮੁਕਤੀ ਤੋਂ ਬਾਅਦ ਸਕੂਲਾਂ ਦੇ ਵਿਦਿਆਰਥੀਆਂ ਲਈ ਸਾਈਕੋ ਮੈਟਿ੍ਕ ਟੈੱਸਟ ਕਰਵਾਉਣ ਲਈ ਐਜੂਰਾਈਟ ਇੰਟਰਪ੍ਰਾਈਜ਼ਜ਼ ਨਾਂਅ ਦੀ ਕੰਪਨੀ ਸ਼ੁਰੂ ਕੀਤੀ ਸੀ ਤੇ ਸ਼ਿਕਾਇਤਕਰਤਾ ਨੇ ਆਪਣੀ ਕੰਪਨੀ ਦੀ ਫਾਈਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕਪੂਰਥਲਾ ਨੂੰ ਸੌਂਪੀ, ਜਿਸ ’ਚ 2025-26 ਦੇ ਅਕਾਦਮਿਕ ਸੈਸ਼ਨ ਲਈ ਬਲਾਕ ਭੁਲੱਥ ਤੇ ਬਲਾਕ ਕਪੂਰਥਲਾ ਅਧੀਨ ਆਉਂਦੇ 14 ਸਰਕਾਰੀ ਸਕੂਲਾਂ ’ਚ ਪੜ੍ਹਦੀਆਂ 187 ਵਿਦਿਆਰਥਣਾਂ ਦੀ ਮਨੋਵਿਗਿਆਨਕ ਟੈਸਟਿੰਗ ਕਰਵਾਉਣ ਦੀ ਪ੍ਰਵਾਨਗੀ ਮੰਗੀ ਗਈ ਸੀ| ਇਸ ਤੋਂ ਬਾਅਦ ਸਬੰਧਿਤ ਅਧਿਆਪਕ ਜੋ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੇ ਦਫ਼ਤਰ ਵਿਚ ਤਾਇਨਾਤ ਸੀ, ਨੇ ਕਥਿਤ ਤੌਰ ‘ਤੇ ਸ਼ਿਕਾਇਤਕਰਤਾ ਕੋਲੋਂ ਪ੍ਰਤੀ ਵਿਦਿਆਰਥਣ 200 ਰੁਪਏ ਦੀ ਮੰਗ ਕੀਤੀ ਗਈ| ਬੁਲਾਰੇ ਨੇ ਦੱਸਿਆ ਕਿ ਇਸ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਹਵਾਲੇ ਨਾਲ ਘਟਾ ਕੇ 150 ਰੁਪਏ ਪ੍ਰਤੀ ਵਿਦਿਆਰਥਣ ਕਰ ਦਿੱਤਾ ਗਿਆ| ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਲੋਂ ਪੇਸ਼ ਕੀਤੀਆਂ ਗਈਆਂ ਰਿਕਾਰਡਿੰਗ ਅਨੁਸਾਰ ਕਥਿਤ ਦੋਸ਼ੀ ਵਿਰੁੱਧ ਲਾਏ ਗਏ ਦੋਸ਼ ਸਹੀ ਪਾਏ ਗਏ| ਇਸ ਸੰਬੰਧ ’ਚ ਸੰਬੰਧਿਤ ਅਧਿਆਪਕ ਨੂੰ ਵਿਜੀਲੈਂਸ ਬਿਊਰੋ ਦੇ ਪੁਲਿਸ ਸਟੇਸ਼ਨ ਜਲੰਧਰ ਵਿਖੇ ਭਿ੍ਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਗਿਆ| ਬੁਲਾਰੇ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਹੋਰ ਸ਼ੱਕੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਭੂਮਿਕਾ ਦੀ ਪੜਤਾਲ ਵੀ ਕੀਤੀ ਜਾਵੇਗੀ| ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਸਾਈਕੋਮੈਟਿ੍ਕ ਟੈਸਟਿੰਗ ਲਈ ਪੰਜਾਬ ਸਰਕਾਰ ਕੰਪਨੀ ਪ੍ਰਤੀ ਵਿਦਿਆਰਥੀ 700 ਰੁਪਏ ਦਾ ਕਰਦੀ ਹੈ |