ਨਡਾਲਾ, 3 ਜੁਲਾਈ (ਰਘਬਿੰਦਰ ਸਿੰਘ)-ਥਾਣਾ ਸੁਭਾਨਪੁਰ ਅਧੀਨ ਪੁਲਿਸ ਚੌਕੀ ਨਡਾਲਾ ਦੀ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇਕ ਵਿਅਕਤੀ ਨੂੰ 110 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਚੌਕੀ ਇੰਚਾਰਜ ਨਡਾਲਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਪੁਲਿਸ ਪਾਰਟੀ ਸਮੇਤ ਬੇਗੋਵਾਲ ਰੋਡ ਤੋਂ ਲਿੰਕ ਰੋਡ ਰਾਹੀਂ ਪਿੰਡ ਬਿੱਲਪੁਰ ਵੱਲ ਗਸ਼ਤ ਕਰ ਰਹੇ ਸਨ| ਇਸ ਦੌਰਾਨ ਪਿੰਡ ਬਿੱਲਪੁਰ ਵਾਲੇ ਪਾਸੇ ਤੋਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਉਹ ਘਬਰਾ ਗਿਆ ਤੇ ਪਿੱਛੇ ਮੁੜਨ ਲੱਗਾ| ਇਸੇ ਦੌਰਾਨ ਉਸ ਨੇ ਆਪਣੀ ਸੱਜੀ ਪੈਂਟ ਦੀ ਜੇਬ ਵਿਚੋਂ ਇਕ ਮੋਮੀ ਲਿਫ਼ਾਫ਼ਾ ਕੱਢ ਕੇ ਸੜਕ ਕਿਨਾਰੇ ਘਾਹ-ਫੂਸ ਵਿਚ ਸੁੱਟ ਦਿੱਤਾ ਅਤੇ ਤੇਜ਼ੀ ਨਾਲ ਤੁਰਨ ਲੱਗਾ| ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਉਸ ਨੂੰ ਤੁਰੰਤ ਕਾਬੂ ਕਰ ਲਿਆ| ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਂਅ ਲਵਪ੍ਰੀਤ ਸਿੰਘ ਉਰਫ਼ ਲਵ ਵਾਸੀ ਪਿੰਡ ਬਿੱਲਪੁਰ, ਦੱਸਿਆ| ਪੁਲਿਸ ਵਲੋਂ ਉਸ ਦੇ ਸੁੱਟੇ ਮੋਮੀ ਲਿਫ਼ਾਫ਼ੇ ਦੀ ਤਲਾਸ਼ੀ ਲੈਣ ‘ਤੇ ਉਸ ’ਚੋਂ 110 ਬਿਨਾਂ ਮਾਰਕਾ ਚਿੱਟੇ ਰੰਗ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ| ਪੁਲਿਸ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਐਨ ਡੀ ਪੀ ਐੱਸ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |