ਕਪੂਰਥਲਾ, 4 ਜੁਲਾਈ (ਅਮਨਜੋਤ ਸਿੰਘ ਵਾਲੀਆ)-ਦੇਰ ਰਾਤ ਕਾਂਜਲੀ ਨੇੜੇ ਟਰੱਕ ਤੇ ਟਰੈਕਟਰ ਟਰਾਲੀ ਦੀ ਟੱਕਰ ’ਚ ਟਰੈਕਟਰ ਟਰਾਲੀ ਤੇ ਸਵਾਰ ਸੱਤ ਪ੍ਰਵਾਸੀ ਮਜ਼ਦੂਰ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ| ਸਾਰੇ ਜ਼ਖ਼ਮੀਆਂ ਨੂੰ ਸਥਾਨਕ ਲੋਕਾਂ ਨੇ 108 ਐਂਬੂਲੈਂਸ ਦੇ ਈ. ਐਮ. ਟੀ. ਸ਼ਾਹਿਦ ਆਲਮ ਤੇ ਪਾਇਲਟ ਅਮਿਤਪਾਲ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ| ਜ਼ਖ਼ਮੀਆਂ ਦੀ ਪਹਿਚਾਣ ਸਰਵਣ, ਰਾਮ ਜੀ, ਸਹਿਦੇਵ, ਕੈਲਾਸ਼ ਪਾਸਵਾਨ, ਰਾਮ ਮਾਝੀ, ਰਾਮ ਲਾਲ ਤੇ ਵਿਨੋਦ ਪਾਸਵਾਨ ਵਾਸੀਆਨ ਪਿੰਡ ਧੰਮ ਵਜੋਂ ਹੋਈ ਹੈ ਜਿਨ੍ਹਾਂ ’ਚੋਂ ਸਰਵਣ ਤੇ ਰਾਮ ਜੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਰਵਣ ਦੀ ਹਾਲਤ ਜ਼ਿਆਦਾ ਬਹੁਤ ਗੰਭੀਰ ਹੋਣ ਕਾਰਨ ਉਸ ਨੂੰ ਮੌਕੇ ਤੋਂ ਹੀ ਨਿੱਜੀ ਹਸਪਤਾਲ ਲਿਜਾਇਆ ਜਦਕਿ ਰਾਮ ਜੀ ਨੂੰਮੁੱਢਲੀ ਸਹਾਇਤਾ ਦੇਣ ਉਪਰੰਤ ਅੰਮਿ੍ਤਸਰ ਮੈਡੀਕਲ ਕਾਲਜ ਰੈਫ਼ਰ ਕੀਤਾ ਗਿਆ ਹੈ| ਬਾਕੀ ਜ਼ਖ਼ਮੀਆਂ ਦਾ ਇਲਾਜ ਡਿਊਟੀ ਡਾ. ਵੰਦਨਾ ਵਲੋਂ ਸਿਵਲ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ| ਹਾਦਸੇ ਵਿਚ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ| ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ| ਇਸ ਸੰਬੰਧੀ ਥਾਣਾ ਕੋਤਵਾਲੀ ਦੇ ਏ. ਐਸ. ਆਈ. ਸੁਖਵਿੰਦਰ ਸਿੰਘ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਕਾਂਜਲੀ ਨੇੜੇ ਟਰੱਕ ਤੇ ਟਰੈਕਟਰ ਟਰਾਲੀ ਦੀ ਟੱਕਰ ’ਚ 7 ਵਿਅਕਤੀ ਜ਼ਖਮੀ, 2 ਦੀ ਹਾਲਤ ਗੰਭੀਰ
ਅਜੀਤ ਡੈਸਕ
05-07-2026