ਕਪੂਰਥਲਾ, 4 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਮੁਸਲਿਮ ਸੰਗਠਨ ਪੰਜਾਬ ਦੇ ਸੱਦੇ ‘ਤੇ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੇ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਮੌਲਾਨਾ ਅਮਾਨੁੱਲਾ ਦੀ ਅਗਵਾਈ ਵਿਚ ਥਾਣਾ ਸਿਟੀ ਦੇ ਐਚ. ਐਸ. ਓ. ਅਮਨਦੀਪ ਨਾਹਰ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਇਕ ਮੰਗ ਪੱਤਰ ਦੇ ਮੰਗ ਕੀਤੀ ਕਿ ਪੈਗ਼ੰਬਰ ਹਜ਼ਰਤ ਮੁਹੰਮਦ ਤੇ ਮੁਸਲਿਮ ਭਾਈਚਾਰੇ ਵਿਰੁੱਧ ਅਪਮਾਨਜਨਕ ਤੇ ਭੜਕਾਊ ਟਿੱਪਣੀਆਂ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਜਪਾ ਆਗੂ ਨਾਜ਼ੀਆਂ ਇਲਾਹੀ ਖਾਨ ਵਿਰੁੱਧ ਕੇਸ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ| ਮੌਲਾਨਾ ਅਮਾਨੁੱਲਾ ਤੇ ਮੌਲਵੀ ਅਬਦੁਲ ਹਮੀਦ ਨੇ ਕਿਹਾ ਕਿ ਭਾਜਪਾ ਆਗੂ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਨਾਲ ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ| ਉਨ੍ਹਾਂ ਕਿਹਾ ਕਿ ਅਜਿਹੀਆਂ ਟਿੱਪਣੀਆਂ ਫ਼ਿਰਕੂ ਸਦਭਾਵਨਾ, ਜਨਤਕ ਵਿਵਸਥਾ ਤੇ ਦੇਸ਼ ਦੀ ਸ਼ਾਂਤੀ ਲਈ ਗੰਭੀਰ ਖ਼ਤਰਾ ਹਨ| ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਹਰੇਕ ਵਿਅਕਤੀ ਨੂੰ ਬੋਲਣ ਦੀ ਆਜ਼ਾਦੀ ਦਿੰਦਾ ਹੈ ਪਰ ਕਿਸੇ ਵੀ ਭਾਈਚਾਰੇ ਦੀਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਅਪਮਾਨ ਕਰਨ ਦਾ ਅਧਿਕਾਰ ਨਹੀਂ ਦਿੰਦਾ| ਮੰਗ-ਪੱਤਰ ਦੇਣ ਮੌਕੇ ਮੌਲਾਨਾ ਸਦਾਮ, ਮਨਸੂਰ ਅਲੀ, ਇਸਰਾਰ ਮੁਹੰਮਦ, ਅਫਜਾਲ, ਅਸ਼ਰਫ, ਸ਼ਾਹਨਵਾਜ, ਇਤਿਫਾਕ, ਮੁਹੰਮਦ ਅਲੀ, ਮੁਹੰਮਦ ਉਮਰ ਤੇ ਹੋਰ ਹਾਜ਼ਰ ਸਨ |
ਮੁਸਲਿਮ ਭਾਈਚਾਰੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਵਾਲੀ ਭਾਜਪਾ ਆਗੂ ਵਿਰੁੱਧ ਕੇਸ ਦਰਜ ਕੀਤਾ ਜਾਵੇ-ਮੌਲਾਨਾ ਅਮਾਨੁੱਲਾ
ਅਜੀਤ ਡੈਸਕ
05-07-2026