ਹੁਸੈਨਪੁਰ, 4 ਜੁਲਾਈ (ਤਰਲੋਚਨ ਸਿੰਘ ਸੋਢੀ)-ਪੰਜਾਬ ਸਰਕਾਰ ਵਲੋਂ ਆਉਣ ਵਾਲੇ ਬਰਸਾਤੀ ਦਿਨਾਂ ਵਿਚ ਹੜ੍ਹਾਂ ਦੇ ਖ਼ਤਰੇ ਨੂੰ ਦੇਖਦਿਆਂ ਹੋਇਆਂ ਪੰਜਾਬ ਅੰਦਰ ਸਾਰੇ ਨਹਿਰਾਂ ਤੇ ਨਾਲਿਆਂ ਦੀ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਸਫ਼ਾਈ ਕਰਨ ਲਈ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕਰਕੇ ਬਰਸਾਤੀ ਮੌਸਮ ਤੋਂ ਪਹਿਲਾਂ ਨਹਿਰਾਂ ਅਤੇ ਨਾਲਿਆਂ ਦੀ ਸਫ਼ਾਈ ਕਰਵਾਉਣ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਸਨ, ਜਿਸ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਵਲੋਂ ਬੀਤੀ 28 ਜੂਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਇਕ ਬਿਆਨ ਜਾਰੀ ਕੀਤਾ ਗਿਆ ਸੀ ਕਿ 30 ਜੂਨ ਤੱਕ ਕਪੂਰਥਲਾ ਦੇ ਸਾਰੇ ਨਹਿਰਾਂ ਤੇ ਨਾਲਿਆਂ ਦੀ ਸਫ਼ਾਈ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਪਰ ਹਕੀਕਤ ਤੌਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਹੁਕਮ ਸਿਰਫ਼ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋਣ ਤੱਕ ਹੀ ਸੀਮਤ ਰਹਿ ਗਿਆ ਹੈ ਅਸਲ ਵਿਚ ਜ਼ਮੀਨੀ ਪੱਧਰ ’ਤੇ ਪਿੰਡਾਂ ਵਿਚ ਨਾਲਿਆਂ ਦੀ ਸਫ਼ਾਈ ਵੱਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ, ਜਿਸ ਦੀ ਮਿਸਾਲ ਵਿਧਾਨ ਸਭਾ ਹਲਕਾ ਕਪੂਰਥਲਾ ਅਧੀਨ ਆਉਂਦੇ ਪਿੰਡ ਭਾਣੋ ਲੰਗਾ ਤੋਂ ਤੋਗਾਂਵਾਲ, ਪਾਜੀਆਂ ਤੇ ਮੋਠਾਂਵਾਲ ਤੋਂ ਇਲਾਵਾ ਹੋਰ ਵੀ ਕਾਫ਼ੀ ਪਿੰਡਾਂ ਵਿਚੋਂ ਹੁੰਦੀ ਹੋਈ ਸੁਲਤਾਨਪੁਰ ਲੋਧੀ ਨੂੰ ਜਾਂਦੀ ਕੂਲ (ਡਰੇਨ) ਜੋ ਕਿ ਕਾਫ਼ੀ ਹੱਦ ਤੱਕ ਜਿਥੇ ਨਾਲ ਲੱਗਦੇ ਕਿਸਾਨਾਂ ਨੇ ਆਪਣੀ ਜ਼ਮੀਨ ’ਚ ਮਿਲਾ ਕੇ ਲਗਭਗ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ ਉਥੇ ਬਚਦੀ ਇਸ ਕੂਲ (ਡਰੇਨ) ਨੂੰ ਸਾਫ਼ ਕਰਨ ਲਈ ਅਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਤੇ ਡਰੇਨ ਵਿਭਾਗ ਕਪੂਰਥਲਾ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਨਹਿਰਾਂ ਨਾਲਿਆਂ ਦੀ ਸਫ਼ਾਈ ਕਰਵਾਉਣ ਦੀ ਮੁਹਿੰਮ ਲਗਪਗ ਠੁੱਸ ਹੋ ਕਿ ਰਹਿ ਗਈ ਹੈ| ਇਸ ਸੰਬੰਧੀ ਰੋਸ ਜ਼ਾਹਿਰ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਰਥਲਾ ਦੇ ਬੰਦਾ ਸਿੰਘ ਬਹਾਦਰ ਜੋਨ ਦੇ ਪ੍ਰਧਾਨ ਜੋਗਾ ਸਿੰਘ, ਪਿਆਰਾ ਸਿੰਘ, ਗੁਲਜ਼ਾਰ ਸਿੰਘ, ਗੁਰਬਚਨ ਸਿੰਘ, ਨਿਰਵੈਰ ਸਿੰਘ, ਲਖਵਿੰਦਰ ਸਿੰਘ, ਤੇਗਾ ਸਿੰਘ, ਅਵਤਾਰ ਸਿੰਘ, ਲਾਲ ਸਿੰਘ, ਗੁਰਮੁਖ ਸਿੰਘ, ਸਾਧੂ ਸਿੰਘ ਤੇ ਹੋਰ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਬੀਤੇ ਸਾਲ ਹੋਈ ਬੇਸ਼ੁਮਾਰ ਬਾਰਿਸ਼ ਕਾਰਨ ਤੇ ਉਕਤ ਕੂਲ (ਡਰੇਨ) ਦੇ ਬੰਦ ਹੋਣ ਕਰਕੇ ਲੋਕਾਂ ਦੀਆਂ ਫ਼ਸਲਾਂ ਤੇ ਘਰਾਂ ਦਾ ਕਾਫ਼ੀ ਨੁਕਸਾਨ ਹੋਇਆ ਸੀ, ਜਿਸ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਸਬਕ ਲੈਣ ਦੀ ਬਜਾਏ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ |ਉਨ੍ਹਾਂ ਕਿਹਾ ਕਿ ਇਸ ਕੂਲ (ਡਰੇਨ) ਨੂੰ ਸਾਫ਼ ਕਰਵਾਉਣ ਸੰਬੰਧੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੂੰ 19 ਮਈ 2026 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਰਥਲਾ ਦੇ ਆਗੂਆਂ ਵਲੋਂ ਲਿਖਤੀ ਮੰਗ ਪੱਤਰ ਵੀ ਦਿੱਤਾ ਗਿਆ ਸੀ, ਪਰ ਉਸ ਦਾ ਵੀ ਕੋਈ ਅਸਰ ਨਹੀਂ ਹੋਇਆ| ਉਨ੍ਹਾਂ ਕਿਹਾ ਕਿ ਜੇਕਰ ਜਲਦੀ ਇਸ ਕੂਲ (ਡਰੇਨ) ਨੂੰ ਨਾਲ ਲੱਗਦੇ ਕਿਸਾਨਾਂ ਕੋਲੋਂ ਕੂਲ ਛੁਡਵਾ ਕੇ ਇਸ ਦੀ ਸਫ਼ਾਈ ਨਾ ਕਰਵਾਈ ਗਈ ਤਾਂ ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ, ਸਕੱਤਰ ਸ਼ੇਰ ਸਿੰਘ ਮਾਹੀਵਾਲ, ਮੀਤ ਪ੍ਰਧਾਨ ਪਰਮਜੀਤ ਸਿੰਘ ਤੇ ਹੋਰ ਆਗੂਆਂ ਦੀ ਅਗਵਾਈ ਹੇਠ ਜਥੇਬੰਦੀ ਨੂੰ ਮਜਬੂਰ ਹੋ ਕੇ ਸੰਘਰਸ਼ ਕਰਨ ਦਾ ਰਾਹ ਅਖ਼ਤਿਆਰ ਕਰਨਾ ਪਏਗਾ| ਇਸ ਸੰਬੰਧੀ ਵਿਜੇ ਕੁਮਾਰ ਐਸ. ਡੀ. ਓ. ਡਰੇਨਜ਼ ਵਿਭਾਗ ਸੁਲਤਾਨਪੁਰ ਲੋਧੀ ਨੇ ਕਿਹਾ ਕਿ ਇਸ ਡਰੇਨ ਨੂੰ ਸਾਫ਼ ਕਰਵਾਉਣ ਲਈ ਅਜੇ ਤੱਕ ਟੈਂਡਰ ਪਾਸ ਨਹੀਂ ਹੋਇਆ| ਜਦ ਕਿ ਆਉਣ ਵਾਲੇ ਦਿਨਾਂ ਵਿਚ ਇਸ ਦਾ ਟੈਂਡਰ ਹੋਣ ਉਪਰੰਤ ਇਸ ਕੂਲ (ਡਰੇਨ) ਦੀ ਸਫ਼ਾਈ ਕਰਵਾ ਦਿੱਤੀ ਜਾਵੇਗੀ| ਦੂਜੇ ਪਾਸੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋਇਆ|