ਡਡਵਿੰਡੀ, 4 ਜੁਲਾਈ (ਦਿਲਬਾਗ ਸਿੰਘ ਝੰਡ)-ਕਪੂਰਥਲਾ-ਸੁਲਤਾਨਪੁਰ ਲੋਧੀ ਮੁੱਖ ਸੜਕ ‘ਤੇ ਪਿੰਡ ਡਡਵਿੰਡੀ ਨੇੜੇ ਸਨਿਚਰਵਾਰ ਨੂੰ ਉਸ ਸਮੇਂ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ, ਜਦੋਂ ਗੁੱਜਰਾਂ ਵਲੋਂ ਵੱਡੀ ਗਿਣਤੀ ਵਿਚ ਪਸ਼ੂਆਂ ਦੇ ਝੁੰਡ ਮੁੱਖ ਸੜਕ ਤੋਂ ਲੰਘਾਏ ਗਏ| ਪਸ਼ੂਆਂ ਦੀ ਭਾਰੀ ਗਿਣਤੀ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਕਈ ਮਿੰਟਾਂ ਤੱਕ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਖੱਜਲ-ਖੁਆਰ ਹੋਣਾ ਪਿਆ| ਜਾਮ ਵਿਚ ਸਕੂਲੀ ਵਿਦਿਆਰਥੀ, ਨੌਕਰੀਪੇਸ਼ਾ ਲੋਕ, ਕਿਸਾਨ ਤੇ ਹੋਰ ਯਾਤਰੀ ਵੀ ਫਸੇ ਰਹੇ| ਸਥਾਨਕ ਲੋਕਾਂ ਨੇ ਦੱਸਿਆ ਕਿ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਗੁੱਜਰ ਆਪਣੇ ਪਸ਼ੂਆਂ ਨੂੰ ਚਰਾਉਣ ਲਈ ਡਡਵਿੰਡੀ, ਪਾਜ਼ੀਆਂ ਤੇ ਆਸ-ਪਾਸ ਦੇ ਪਿੰਡਾਂ ਦੇ ਖੇਤਰਾਂ ਵਿਚ ਲੈ ਕੇ ਆਉਂਦੇ ਹਨ| ਇਸ ਦੌਰਾਨ ਉਹ ਪਸ਼ੂਆਂ ਦੇ ਵੱਡੇ ਝੁੰਡ ਬਿਨਾਂ ਕਿਸੇ ਨਿਯਮ ਜਾਂ ਸੁਰੱਖਿਆ ਪ੍ਰਬੰਧ ਦੇ ਮੁੱਖ ਸੜਕਾਂ ਰਾਹੀਂ ਲੰਘਾਉਂਦੇ ਹਨ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ| ਤੇਜ਼ ਰਫ਼ਤਾਰ ਨਾਲ ਆਉਣ ਵਾਲੇ ਵਾਹਨਾਂ ਸਾਹਮਣੇ ਅਚਾਨਕ ਪਸ਼ੂ ਆ ਜਾਣ ਕਾਰਨ ਹਰ ਵੇਲੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ | ਪ੍ਰਤੱਖਦਰਸ਼ੀਆਂ ਅਨੁਸਾਰ ਡਡਵਿੰਡੀ ਤੇ ਪਾਜ਼ੀਆਂ ਦੇ ਵਿਚਕਾਰ ਪਸ਼ੂਆਂ ਦੇ ਝੁੰਡ ਕਾਰਨ ਲੱਗੇ ਜਾਮ ਦੌਰਾਨ ਕੁਝ ਰਾਹਗੀਰਾਂ ਤੇ ਗੁੱਜਰਾਂ ਵਿਚਕਾਰ ਤਕਰਾਰ ਵੀ ਹੋਈ| ਇਸੇ ਦੌਰਾਨ ਇਕ ਕਿਸਾਨ ਦੇ ਖੇਤ ਵਿਚ ਪਸ਼ੂ ਵੜ ਜਾਣ ਕਾਰਨ ਕਿਸਾਨ ਨੇ ਇਤਰਾਜ਼ ਜਤਾਇਆ ਅਤੇ ਪਸ਼ੂਆਂ ਨੂੰ ਖੇਤ ਵਿਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ| ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਤਿੱਖੀ ਬਹਿਸ ਹੋਈ, ਹਾਲਾਂਕਿ ਮੌਕੇ ‘ਤੇ ਮੌਜੂਦ ਲੋਕਾਂ ਨੇ ਦਖ਼ਲ ਦੇ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ| ਇਸ ਤੋਂ ਪਹਿਲਾਂ ਵੀ ਕਈ ਵਾਰ ਪਸ਼ੂਆਂ ਦੇ ਝੁੰਡਾਂ ਕਾਰਨ ਸੜਕਾਂ ‘ਤੇ ਜਾਮ ਲੱਗ ਚੁੱਕੇ ਹਨ| ਇਲਾਕੇ ਦੇ ਵਸਨੀਕਾਂ, ਸਮਾਜਿਕ ਆਗੂਆਂ ਤੇ ਰਾਹਗੀਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁੱਖ ਸੜਕਾਂ ‘ਤੇ ਪਸ਼ੂਆਂ ਦੇ ਵੱਡੇ ਝੁੰਡ ਲਿਜਾਣ ਲਈ ਨਿਯਮ ਬਣਾਏ ਜਾਣ ਅਤੇ ਉਨ੍ਹਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ| ਲੋਕਾਂ ਨੇ ਮੰਗ ਕੀਤੀ ਕਿ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ |