ਕਪੂਰਥਲਾ, 5 ਜੁਲਾਈ (ਅਮਰਜੀਤ ਕੋਮਲ)-ਨਗਰ ਨਿਗਮ ਕਪੂਰਥਲਾ ਦੀ ਆਮ ਚੋਣ ਤੋਂ ਬਾਅਦ 8 ਜੁਲਾਈ ਦਿਨ ਬੁੱਧਵਾਰ ਨੂੰ 3 ਵਜੇ ਨਿਗਮ ਦੇ ਮੀਟਿੰਗ ਹਾਲ ਵਿਚ ਨਵੇਂ ਚੁਣੇ ਮੈਂਬਰਾਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਹੋਵੇਗੀ | ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਵਲੋਂ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਸਬੰਧੀ ਨਗਰ ਨਿਗਮ ਕਪੂਰਥਲਾ ਦੀ ਕਮਿਸ਼ਨਰ ਨੂੰ ਲਿਖਤੀ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ | ਦੱਸਿਆ ਜਾਂਦਾ ਹੈ ਕਿ ਪੰਜਾਬ ਮਿਉਂਸੀਪਲ ਕਾਰਪੋਰੇਸ਼ਨ ਐਕਟ 1976 ਦੇ ਉਪਬੰਦਾਂ ਅਨੁਸਾਰ ਨਵੇਂ ਚੁਣੇ ਮੈਂਬਰਾਂ ਨੂੰ 8 ਜੁਲਾਈ ਨੂੰ ਪਹਿਲਾਂ ਸਹੁੰ ਚੁਕਾਈ ਜਾਵੇਗੀ ਤੇ ਬਾਅਦ ਵਿਚ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਕਰਵਾਈ ਜਾਵੇਗੀ | ਕਮਿਸ਼ਨਰ ਨੇ ਪੱਤਰ ਵਿਚ ਨਗਰ ਨਿਗਮ ਦੀ ਕਮਿਸ਼ਨਰ ਨੂੰ ਕਿਹਾ ਹੈ ਕਿ ਉਹ ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਸਬੰਧਿਤ ਨੂੰ ਸਮਾਂਬੱਧ ਸੂਚਿਤ ਕੀਤਾ ਜਾਵੇ ਤੇ ਮੀਟਿੰਗ ਕਰਨ ਲਈ ਨਿਯਮਾਂ ਅਨੁਸਾਰ ਸਾਰੇ ਪ੍ਰਬੰਧ ਯਕੀਨੀ ਬਣਾਏ ਜਾਣ | ਨਗਰ ਨਿਗਮ ਦੀ ਚੋਣ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਪਿਛਲੇ ਦਿਨੀਂ ਕਪੂਰਥਲਾ ਹਲਕੇ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਨੂੰ ਇਕ ਪੱਤਰ ਲਿਖਿਆ ਸੀ, ਜਿਸ ਵਿਚ ਮੰਗ ਕੀਤੀ ਗਈ ਸੀ ਕਿ ਪੰਜਾਬ ਮਿਉਂਸੀਪਲ ਕਾਰਪੋਰੇਸ਼ਨ ਐਕਟ ਤਹਿਤ ਨਿਸ਼ਚਿਤ ਸਮੇਂ ਵਿਚ ਨਿਗਮ ਕਪੂਰਥਲਾ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਮੇਅਰ ਦੀ ਚੋਣ ਕਰਵਾਈ ਜਾਵੇ, ਕਾਂਗਰਸ ਵਿਧਾਇਕ ਦੇ ਪੱਤਰ ਤੋਂ ਬਾਅਦ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਨੇ ਨਗਰ ਨਿਗਮ ਦੀ ਕਮਿਸ਼ਨਰ ਨੂੰ ਇਕ ਪੱਤਰ ਲਿਖ ਕੇ ਇਸ ਸਬੰਧੀ ਸ਼ਡਿਊਲ ਜਾਰੀ ਕਰਨ ਦੀ ਹਦਾਇਤ ਕੀਤੀ ਸੀ | ਇੱਥੇ ਵਰਨਣਯੋਗ ਹੈ ਕਿ ਨਗਰ ਨਿਗਮ ਕਪੂਰਥਲਾ ਦੀ ਮਈ ਮਹੀਨੇ ਵਿਚ ਹੋਈ ਆਮ ਚੋਣ ਵਿਚ ਕਪੂਰਥਲਾ ਸ਼ਹਿਰ ਦੇ 50 ਵਾਰਡਾਂ ਵਿਚੋਂ 31 ‘ਤੇ ਕਾਂਗਰਸ, 11 ਵਾਰਡਾਂ ਵਿਚ ਆਮ ਆਦਮੀ ਪਾਰਟੀ, 3 ਵਾਰਡਾਂ ਵਿਚ ਭਾਜਪਾ ਤੇ 3 ਵਾਰਡਾਂ ਵਿਚ ਅਕਾਲੀ ਦਲ ਤੇ 2 ਵਾਰਡਾਂ ਵਿਚ ਆਜ਼ਾਦ ਉਮੀਦਵਾਰ ਜੇਤੂ ਰਹੇ ਸਨ ਤੇ ਇਨ੍ਹਾਂ ਆਜ਼ਾਦ ਉਮੀਦਵਾਰਾਂ ਵਿਚੋਂ ਇਕ ਉਮੀਦਵਾਰ ਨੇ ਪਿਛਲੇ ਦਿਨੀਂ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ ਤੇ ਇਸ ਸਮੇਂ ਕਾਂਗਰਸ ਕੋਲ 32 ਕੌਂਸਲਰ ਹਨ, ਜੋ 8 ਜੁਲਾਈ ਨੂੰ ਹੋਣ ਵਾਲੀ ਚੋਣ ਵਿਚ ਭਾਗ ਲੈਣਗੇ |