ਕਪੂਰਥਲਾ, 5 ਜੁਲਾਈ (ਅਮਰਜੀਤ ਕੋਮਲ)-ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ (ਵਰਕਰ ਕਲੱਬ) ਦੀਆਂ 9 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਲਈ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਨੇ ਇਕ ਕਲੱਬ ਦੇ ਸਕੱਤਰ ਤੇ ਇਕ ਖ਼ਜ਼ਾਨਚੀ ਸਮੇਤ 8 ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ | ਆਰ.ਸੀ.ਐਫ. ਮਜ਼ਦੂਰ ਯੂਨੀਅਨ ਦੇ ਉਮੀਦਵਾਰਾਂ ਬਾਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ ਸਰਵਜੀਤ ਸਿੰਘ ਤੇ ਅਮਰੀਕ ਸਿੰਘ ਨੇ ਦੱਸਿਆ ਕਿ ਚੋਣ ਵਿਚ ਭਰਤ ਰਾਜ ਨੂੰ ਸਕੱਤਰ ਦੇ ਅਹੁਦੇ ਲਈ, ਸਾਥੀ ਅਵਤਾਰ ਸਿੰਘ ਖ਼ਜ਼ਾਨਚੀ ਦੇ ਅਹੁਦੇ ਲਈ, ਹਰਪ੍ਰੀਤ ਸਿੰਘ, ਸੰਦੀਪ ਕੁਮਾਰ, ਭਾਨ ਸਿੰਘ, ਹਰੀ ਓਮ ਮੀਨਾ, ਪੰਕਜ ਕੁਮਾਰ ਸਿੰਘ, ਅਸ਼ਵਨੀ ਕੁਮਾਰ ਮੈਂਬਰ ਵਜੋਂ ਚੋਣ ਲੜ ਰਹੇ ਹਨ | ਇਸ ਚੋਣ ਦੀ ਕਮਾਨ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਤੇ ਜਨਰਲ ਸਕੱਤਰ ਸਰਬਜੀਤ ਸਿੰਘ ਵਲੋਂ ਸੰਭਾਲੀ ਗਈ ਹੈ ਤੇ ਉਹ ਰੋਜ਼ਾਨਾ ਚੋਣ ਗਤੀਵਿਧੀਆਂ ਦੀ ਨਿਰੰਤਰ ਨਿਗਰਾਨੀ ਕਰ ਰਹੇ ਹਨ ਤੇ ਉਨ੍ਹਾਂ ਦੀ ਅਗਵਾਈ ਵਿਚ ਆਰ.ਸੀ.ਐਫ. ਦੇ ਕਰਮਚਾਰੀਆਂ ਵਲੋਂ ਇੰਪਲਾਈਜ਼ ਯੂਨੀਅਨ ਦੇ ਪੈਨਲ ਦੇ ਹੱਕ ਵਿਚ ਕਰਮਚਾਰੀਆਂ ਨਾਲ ਨਿਰੰਤਰ ਰਾਬਤਾ ਕੀਤਾ ਜਾ ਰਿਹਾ ਹੈ | ਸਰਬਜੀਤ ਸਿੰਘ ਤੇ ਅਮਰੀਕ ਸਿੰਘ ਨੇ ਦੱਸਿਆ ਕਿ ਪਿਛਲੇ 25 ਵਰਿ੍ਆਂ ਤੋਂ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੀ ਟੀਮ ਕਲੱਬ ‘ਤੇ ਕਾਬਜ ਹੈ ਤੇ ਇਹ ਟੀਮ ਕਲੱਬ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਬਹੁਤ ਹੀ ਇਮਾਨਦਾਰੀ ਤੇ ਸਮਰਪਣ ਦੀ ਭਾਵਨਾ ਨਾਲ ਨਿਭਾਅ ਰਹੀ ਹੈ | ਉਨ੍ਹਾਂ ਕਿਹਾ ਕਿ ਕਲੱਬ ਦੇ ਪ੍ਰਬੰਧਨ ਦੀ ਪਿਛਲੇ ਵਰਿ੍ਹਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਦੇਖਦਿਆਂ ਇਸ ਵਾਰ ਵੀ ਕਲੱਬ ਦੇ ਮੈਂਬਰਾਂ ਵਲੋਂ ਯੂਨੀਅਨ ਦੇ ਪੈਨਲ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਵਾਰ ਵੀ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦਾ 8 ਮੈਂਬਰੀ ਪੈਨਲ ਸ਼ਾਨਦਾਰ ਜਿੱਤ ਹਾਸਲ ਕਰਕੇ ਇਤਿਹਾਸ ਰਚੇਗਾ | ਉਨ੍ਹਾਂ ਕਲੱਬ ਵਲੋਂ ਪਿਛਲੇ ਸਾਲਾਂ ਦੌਰਾਨ ਕੀਤੇ ਗਏ ਵੱਖ-ਵੱਖ ਕਾਰਜਾਂ ਬਾਰੇ ਵੀ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਯੂਨੀਅਨ ਦਾ 8 ਮੈਂਬਰੀ ਪੈਨਲ ਬਹੁਤ ਹੀ ਤਜਰਬੇਕਾਰ ਤੇ ਸਮਰਪਣ ਦੀ ਭਾਵਨਾ ਨਾਲ ਕੰਮ ਕਰਨ ਵਾਲਾ ਹੈ | ਇਸੇ ਦੌਰਾਨ ਹੀ ਆਰ.ਸੀ.ਐਫ. ਇੰਜੀਨੀਅਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਸਿੰਘ, ਜ਼ੋਨਲ ਸਕੱਤਰ ਬਖ਼ਸ਼ੀਸ਼ ਸਿੰਘ ਤੇ ਆਈ.ਆਰ.ਟੀ.ਐਸ.ਏ. ਦੇ ਪ੍ਰਧਾਨ ਇੰਜ. ਦਰਸ਼ਨ ਲਾਲ, ਜ਼ੋਨਲ ਸਕੱਤਰ ਜਗਤਾਰ ਸਿੰਘ ਨੇ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੀ 8 ਮੈਂਬਰੀ ਪੈਨਲ ਦਾ ਪੂਰਨ ਸਮਰਥਨ ਕੀਤਾ |