ਕਪੂਰਥਲਾ, 6 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਸਰਕਾਰ ਨੇ ਬੀਤੇ ਦਿਨੀਂ ਡਾਕਟਰ ਦਿਵਸ ਦੇ ਸਬੰਧ ਵਿਚ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿਚ ਸਿਵਲ ਹਸਪਤਾਲ ਕਪੂਰਥਲਾ ਵਿਚ ਤਾਇਨਾਤ ਮੈਡੀਕਲ ਅਫ਼ਸਰ ਡਾ. ਗੁਰਦੇਵ ਸਿੰਘ ਭੱਟੀ ਵਲੋਂ ਓਰਲ ਕੈਂਸਰ ਪ੍ਰਤੀ ਜਾਗਰੂਕਤਾ, ਦੰਦਾਂ ਨਾਲ ਸਬੰਧਿਤ ਸਹੂਲਤਾਂ ਤੇ ਮਰੀਜ਼ਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਹ ਐਵਾਰਡ ਉਨ੍ਹਾਂ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਡਾ. ਗੁਰਦੇਵ ਸਿੰਘ ਭੱਟੀ ਨੂੰ ਭੇਟ ਕੀਤਾ | ਡਾ. ਗੁਰਦੇਵ ਸਿੰਘ ਨੂੰ ਇਹ ਐਵਾਰਡ ਮਿਲਣ ‘ਤੇ ਸਹਾਇਕ ਸਿਵਲ ਸਰਜਨ ਕਮ ਕਾਰਜਕਾਰੀ ਸਿਵਲ ਸਰਜਨ ਡਾ. ਅਨੂੰ ਸ਼ਰਮਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਣਦੀਪ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਕਪੂਰਥਲਾ ਡਾ. ਪਰਮਿੰਦਰ ਕੌਰ ਨੇ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਇੱਥੇ ਵਰਨਣਯੋਗ ਹੈ ਕਿ ਡਾ. ਭੱਟੀ ਨੂੰ ਇਸ ਤੋਂ ਪਹਿਲਾਂ ਵੀ ਦੋ ਵਾਰ ਸਟੇਟ ਐਵਾਰਡ ਤੇ ਦੋ ਵਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਜਾ ਚੁੱਕਾ ਹੈ |