ਸੁਲਤਾਨਪੁਰ ਲੋਧੀ, 6 ਜੁਲਾਈ (ਨਰੇਸ਼ ਹੈਪੀ)-ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਉਸ ਵੇਲੇ ਖ਼ੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦਾ ਹੋਣਹਾਰ ਖਿਡਾਰੀ ਗੁਰਪ੍ਰੀਤ ਸਿੰਘ (ਬਾਗੜੀਆਂ) ਭਾਰਤੀ ਫ਼ੌਜ ਦੀ ਟਰੇਨਿੰਗ ਪੂਰੀ ਕਰਨ ਤੋਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮਿਲਣ ਲਈ ਪਹੁੰਚਿਆ | ਇਸ ਮੌਕੇ ਸੰਤ ਸੀਚੇਵਾਲ ਨੇ 18 ਸਾਲਾ ਗੁਰਪ੍ਰੀਤ ਨੂੰ ਵਧਾਈ ਦਿੰਦਿਆਂ ਉਸ ਦੀ ਉਪਲਬਧੀ ਨੂੰ ਹੋਰ ਨੌਜਵਾਨਾਂ ਲਈ ਪ੍ਰੇਰਣਾਦਾਇਕ ਦੱਸਿਆ | ਇਸ ਦੌਰਾਨ ਸੰਤ ਸੀਚੇਵਾਲ ਵਲੋਂ ਗੁਰਵਿੰਦਰ ਸਿੰਘ ਅਤੇ ਜਰਨੈਲ ਸਿੰਘ ਵਲੋਂ ਸੈਂਟਰ ਦੇ ਖਿਡਾਰੀਆਂ ਲਈ ਦਾਨ ਕੀਤੇ ਗਏ ਜਿੰਮ ਦੇ ਸਾਮਾਨ ਨੂੰ ਵੀ ਸਪੁਰਦ ਕੀਤਾ ਗਿਆ |ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗੁਰਪ੍ਰੀਤ ਸਿੰਘ ਨੂੰ ਭਾਰਤੀ ਫ਼ੌਜ ਵਿਚ ਭਰਤੀ ਹੋਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਅਨੁਸ਼ਾਸਨ, ਸਿਹਤ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਵਾਟਰ ਸਪੋਰਟਸ ਸੈਂਟਰ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਦੇਣ ਲਈ ਹਰ ਸੰਭਵ ਯਤਨ ਜਾਰੀ ਰਹਿਣਗੇ | ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਇੱਕ ਆਮ ਕਿਸਾਨ ਮਜ਼ਦੂਰ ਪਰਿਵਾਰ ਨਾਲ ਸੰਬੰਧ ਰੱਖਦਾ ਹੈ | ਸਕੂਲ ਅਧਿਆਪਕਾਂ ਅਤੇ ਕੋਚਾਂ ਦੀ ਪੇ੍ਰਰਨਾ ਨਾਲ ਉਹ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਨਾਲ ਜੁੜਿਆ | ਸਿਰਫ਼ ਦੋ ਸਾਲਾਂ ਦੀ ਸਖ਼ਤ ਮਿਹਨਤ ਦੌਰਾਨ ਉਸ ਨੇ ਦਿੱਲੀ ਵਿਚ ਹੋਈ ਨੈਸ਼ਨਲ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਿਆ, ਜਿਸ ਦੇ ਆਧਾਰ ‘ਤੇ ਉਸ ਨੂੰ ਭਾਰਤੀ ਫ਼ੌਜ ਵਿਚ ਭਰਤੀ ਹੋਣ ਦਾ ਮੌਕਾ ਮਿਲਿਆ |ਸੈਂਟਰ ਦੇ ਮੁੱਖ ਕੋਚ ਅਮਨਦੀਪ ਸਿੰਘ ਨੇ ਦੱਸਿਆ ਕਿ ਸਾਲ 2014 ਵਿਚ ਸ਼ੁਰੂ ਹੋਏ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਨੇ ਪੰਜਾਬ ਵਿਚ ਕਾਇਕਿੰਗ ਅਤੇ ਕੈਨੋਇੰਗ ਨੂੰ ਨਵੀਂ ਪਛਾਣ ਦਿੱਤੀ ਹੈ | ਹੁਣ ਤੱਕ ਹਜ਼ਾਰਾਂ ਖਿਡਾਰੀ ਰਾਸ਼ਟਰੀ ਅਤੇ ਰਾਜ ਪੱਧਰ ‘ਤੇ ਤਗਮੇ ਜਿੱਤ ਚੁੱਕੇ ਹਨ ਜਦਕਿ 25 ਤੋਂ ਵੱਧ ਖਿਡਾਰੀ ਸਰਕਾਰੀ ਨੌਕਰੀਆਂ ਅਤੇ ਕਈ ਹੋਰ ਨਿੱਜੀ ਖੇਤਰ ਵਿਚ ਰੁਜ਼ਗਾਰ ਹਾਸਲ ਕਰ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਸਾਲ 2019 ਵਿਚ ਇਸ ਸੈਂਟਰ ਨੇ ਤਿੰਨ ਨੈਸ਼ਨਲ ਚੈਂਪੀਅਨਸ਼ਿਪਾਂ ਦੀ ਮੇਜ਼ਬਾਨੀ ਕੀਤੀ ਸੀ | ਇੱਥੇ ਸਿਖਲਾਈ ਲੈ ਕੇ ਨੌਜਵਾਨ ਨਾ ਸਿਰਫ਼ ਰਾਸ਼ਟਰੀ ਪੱਧਰ ‘ਤੇ ਤਗਮੇ ਜਿੱਤ ਰਹੇ ਹਨ, ਸਗੋਂ ਸਰਕਾਰੀ ਨੌਕਰੀਆਂ ਵੀ ਹਾਸਲ ਕਰ ਰਹੇ ਹਨ |