ਕਪੂਰਥਲਾ, 6 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਵਾਰਡ, ਪਿੰਡ ਅਤੇ ਬੂਥ ਪੱਧਰ ਦੀਆਂ ਕਮੇਟੀਆਂ ਲਈ ਪਾਰਟੀ ਵਰਕਰਾਂ ਦੀ ਨਿਯੁਕਤੀ ਕਰੇਗੀ | ਇਹ ਗੱਲ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ ਤੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਪੰਡਿਤ ਨੇ ਸਥਾਨਕ ਮਨੀ ਮਹੇਸ਼ ਮੰਦਿਰ ਵਿਚ ਸ਼ਿਵ ਸੈਨਿਕਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਇਨ੍ਹਾਂ ਕਮੇਟੀਆਂ ਵਿਚ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਦੀ ਮਜ਼ਬੂਤੀ ਲਈ ਵੱਧ ਤੋਂ ਵੱਧ ਨੌਜਵਾਨਾਂ ਨੂੰ ਵੱਖ-ਵੱਖ ਕਮੇਟੀਆਂ ਵਿਚ ਪ੍ਰਤੀਨਿਧਤਾ ਦਿੱਤੀ ਜਾਵੇਗੀ | ਮੀਟਿੰਗ ਵਿਚ ਉਚੇਚੇ ਤੌਰ ‘ਤੇ ਸ਼ਾਮਲ ਹੋਏ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾਈ ਬੁਲਾਰੇ ਓਮਕਾਰ ਕਾਲੀਆ ਨੇ ਕਿਹਾ ਕਿ ਕਿਸੇ ਵੀ ਸੰਗਠਨ ਦੀ ਮਜ਼ਬੂਤੀ, ਉਸ ਦੇ ਜ਼ਮੀਨੀ ਪੱਧਰ ਦੇ ਵਰਕਰਾਂ ਦੇ ਸਮਰਪਣ, ਅਨੁਸ਼ਾਸਨ ਅਤੇ ਏਕਤਾ ‘ਤੇ ਨਿਰਭਰ ਕਰਦੀ ਹੈ | ਉਨ੍ਹਾਂ ਕਿਹਾ ਕਿ ਸੰਗਠਨ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਵਰਕਰਾਂ ਨੂੰ ਬੂਥ ਪੱਧਰ ‘ਤੇ ਲੋਕਾਂ ਨਾਲ ਸੰਪਰਕ ਕਰਕੇ ਸ਼ਿਵ ਸੈਨਾ ਦੀ ਵਿਚਾਰਧਾਰਾ ਨੂੰ ਉਨ੍ਹਾਂ ਤੱਕ ਪਹੁੰਚਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸੰਗਠਨ ਨਾਲ ਸਬੰਧਿਤ ਆਗੂਆਂ ਨੂੰ ਲੋਕਾਂ ਦੀਆਂ ਸਥਾਨਕ ਸਮੱਸਿਆਵਾਂ ਤੇ ਉਨ੍ਹਾਂ ਦੇ ਬੁਨਿਆਦੀ ਮਸਲਿਆਂ ਨੂੰ ਸੁਣਨ ਤੇ ਉਨ੍ਹਾਂ ਦੇ ਨਿਪਟਾਰੇ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ | ਓਮਕਾਰ ਕਾਲੀਆ ਨੇ ਸ਼ਿਵ ਸੈਨਿਕਾਂ ਨੂੰ ਕਿਹਾ ਕਿ ਉਹ ਰਾਜਨੀਤਿਕ ਜਾਂ ਵਪਾਰਕ ਗਤੀਵਿਧੀਆਂ ਤੱਕ ਸੀਮਤ ਨਾ ਰਹਿਣ, ਸਗੋਂ ਸਮਾਜ ਭਲਾਈ ਦੇ ਕਾਰਜਾਂ ਜਿਵੇਂ ਕਿ ਖ਼ੂਨਦਾਨ ਕੈਂਪ, ਸਫ਼ਾਈ ਮੁਹਿੰਮ ਤੇ ਹੋਰ ਰਾਹਤ ਕਾਰਜਾਂ ਵਿਚ ਸਰਗਰਮੀ ਨਾਲ ਭਾਗ ਲੈਣ | ਮੀਟਿੰਗ ਵਿਚ ਰਜਿੰਦਰ ਵਰਮਾ, ਮਿੰਟੂ ਗੁਪਤਾ, ਧਰਮਿੰਦਰ ਕਾਕਾ, ਯੋਗੇਸ਼ ਸੋਨੀ, ਜੌਲੀ ਵਾਲੀਆ, ਦੀਪਕ ਵਿੱਗ, ਕਰਨ ਜੰਗੀ, ਸਚਿਨ ਬਹਿਲ, ਗੁਰਸ਼ਰਨ ਟੀਟੂ, ਬਲਰਾਜ ਕਨੌਜੀਆ, ਵਿਨੇ ਕੁਮਾਰ ਆਦਿ ਆਗੂ ਹਾਜ਼ਰ ਸਨ |