ਬਸਪਾ ਸੂਬਾਈ ਮਜ਼ਦੂਰਾਂ ਦੇ ਘੋਲ ਦਾ ਡਟ ਕੇ ਸਮਰਥਨ ਕਰੇਗੀ-ਥਾਪਰ, ਸ਼ੀਤਲ
ਅਜੀਤ ਡੈਸਕ
25-07-2026
ਕਪੂਰਥਲਾ, 24 ਜੁਲਾਈ (ਵਿ.ਪ੍ਰ.)-ਬਹੁਜਨ ਸਮਾਜ ਪਾਰਟੀ ਦੇ ਪ੍ਰਮੁੱਖ ਆਗੂਆਂ ਦੀ ਇਕ ਮੀਟਿੰਗ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਤਰਸੇਮ ਥਾਪਰ ਤੇ ਸੂਬਾਈ ਸਕੱਤਰ ਹਰਿੰਦਰ ਸ਼ੀਤਲ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਬੀਤੇ ਦਿਨ ਬਰਨਾਲਾ ਸ਼ਹਿਰ ਵਿਚ ਸਫ਼ਾਈ ਸੇਵਕਾਂ ਦੀ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਕੀਤੀ ਗਈ ਮਾਰਕੁਟਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਮੀਟਿੰਗ ਨੂੰ ਦੋਵਾਂ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਰਨਾਲਾ ਵਿਚ ਵਾਪਰੀ ਘਟਨਾ ਦਾ ਖ਼ਮਿਆਜ਼ਾ ਆਮ ਆਦਮੀ ਪਾਰਟੀ ਨੂੰ 2027 ਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ | ਉਨ੍ਹਾਂ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਚਲਾ ਕੇ ਔਰਤਾਂ ਦਾ ਸਤਿਕਾਰ ਕਰਨ ਦੇ ਦਾਅਵੇ ਕਰ ਰਹੇ ਹਨ ਤੇ ਦੂਜੇ ਪਾਸੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਔਰਤਾਂ ‘ਤੇ ਲਾਠੀਆਂ ਵਰ੍ਹਾ ਕੇ ਉਨ੍ਹਾਂ ‘ਤੇ ਜ਼ੁਲਮ ਕੀਤਾ ਜਾ ਰਿਹਾ ਹੈ | ਬਸਪਾ ਆਗੂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਘਟਨਾ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਬਸਪਾ ਸਫ਼ਾਈ ਮਜ਼ਦੂਰਾਂ ਦੇ ਸੰਘਰਸ਼ ਵਿਚ ਉਨ੍ਹਾਂ ਦਾ ਡਟ ਕੇ ਸਮਰਥਨ ਕਰੇਗੀ | ਇਸ ਮੌਕੇ ਪਾਰਟੀ ਦੇ ਖ਼ਜ਼ਾਨਚੀ ਅਸ਼ੋਕ ਕੁਮਾਰ, ਸ਼ਹਿਰੀ ਉਪ ਪ੍ਰਧਾਨ ਹਰਬੰਸ ਸਭਰਵਾਲ, ਸ਼ਹਿਰੀ ਜਨਰਲ ਸਕੱਤਰ ਵੇਦ ਪ੍ਰਕਾਸ਼ ਗਿੱਲ, ਵਾਰਡ ਮਹਿਤਾਬਗੜ੍ਹ ਦੇ ਪ੍ਰਧਾਨ ਬੱਬੂ, ਸੀਨੀਅਰ ਆਗੂ ਕੈਲਾਸ਼ ਕੁਮਾਰ ਬਿੱਟੂ ਤੇ ਪਿੰਕਾ ਪ੍ਰਧਾਨ ਹਾਜ਼ਰ ਸਨ |