07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਬਿਜਲੀ ਦੀ ਸਪਲਾਈ ਨਾ ਆਉਣ ਕਾਰਨ ਸੜਕਾਂ ’ਤੇ ਉੱਤਰੇ ਲੋਕ

Ad Position 21
No active advertisement
ਅਜੀਤ ਡੈਸਕ 27-07-2026

ਫਗਵਾੜਾ, 26 ਜੁਲਾਈ (ਹਰਜੋਤ ਸਿੰਘ ਚਾਨਾ)- ਬਿਜਲੀ ਕਾਮਿਆਂ ਦੀ ਚੱਲ ਰਹੀ ਹੜਤਾਲ ਦਾ ਅਸਰ ਹੁਣ ਫਗਵਾੜਾ ਬਲਾਕ ‘ਚ ਵੀ ਗੰਭੀਰ ਰੂਪ ‘ਚ ਸਾਹਮਣੇ ਆਉਣ ਲੱਗਾ ਹੈ | ਸ਼ਹਿਰ ਤੇ ਆਸ-ਪਾਸ ਦੇ ਕਈ ਇਲਾਕਿਆਂ ‘ਚ ਬਿਜਲੀ ਦੀ ਸਪਲਾਈ ਲੰਬੇ ਸਮੇਂ ਤੋਂ ਠੱਪ ਰਹਿਣ ਕਾਰਨ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ | ਬਿਜਲੀ ਨਾ ਹੋਣ ਕਾਰਨ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਗਈ ਹੈ, ਜਿਸ ਨਾਲ ਘਰਾਂ ‘ਚ ਪੀਣ ਵਾਲੇ ਪਾਣੀ ਤੇ ਰੋਜ਼ਾਨਾ ਵਰਤੋਂ ਲਈ ਪਾਣੀ ਦੀ ਭਾਰੀ ਕਮੀ ਪੈਦਾ ਹੋ ਗਈ ਹੈ | ਇਸ ਤੋਂ ਇਲਾਵਾ ਭਿਆਨਕ ਗਰਮੀ ਤੇ ਹੰੁਮ੍ਹਸ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਨੂੰ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਥਿਤੀ ਤੋਂ ਨਾਰਾਜ਼ ਮੁਹੱਲਾ ਧਰਮਕੋਟ ਦੇ ਵਸਨੀਕਾਂ ਨੇ ਐਤਵਾਰ ਨੂੰ ਹੁਸ਼ਿਆਰਪੁਰ ਰੋਡ ਸਥਿਤ ਬਿਜਲੀ ਘਰ ਦੇ ਬਾਹਰ ਧਰਨਾ ਦੇ ਕੇ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਧਰਨੇ ਦੀ ਅਗਵਾਈ ਕਰਦਿਆਂ ਸਾਬਕਾ ਮੇਅਰ ਅਰੁਣ ਖੋਸਲਾ, ਵੀਰਾ ਰਾਮ ਵਲਜੋਤ ਨੇ ਕਿਹਾ ਕਿ ਇਲਾਕੇ ‘ਚ ਕੱਲ੍ਹ ਤੋਂ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਪਈ ਹੈ | ਉਨ੍ਹਾਂ ਦੱਸਿਆ ਕਿ ਜਦੋਂ ਲੋਕ ਆਪਣੀ ਸਮੱਸਿਆ ਲੈ ਕੇ ਬਿਜਲੀ ਘਰ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਹੜਤਾਲ ਦਾ ਹਵਾਲਾ ਦੇ ਕੇ ਕੋਈ ਠੋਸ ਜਵਾਬ ਨਹੀਂ ਦਿੱਤਾ ਜਾਂਦਾ | ਉਨ੍ਹਾਂ ਕਿਹਾ ਕਿ ਬਿਜਲੀ ਨਾ ਹੋਣ ਕਾਰਨ ਘਰਾਂ ‘ਚ ਪਾਣੀ ਨਹੀਂ ਆ ਰਿਹਾ, ਇਨਵਰਟਰ ਵੀ ਜਵਾਬ ਦੇ ਚੁੱਕੇ ਹਨ ਤੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਦੂਜੇ ਪਾਸੇ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਨੇ ਵੀ ਬਿਜਲੀ ਸਪਲਾਈ ਬਹਾਲ ਨਾ ਹੋਣ ਦੇ ਰੋਸ ਵਜੋਂ ਭੁੱਲਾਰਾਈ ਚੌਂਕ ‘ਚ ਟਰਾਲੀਆਂ ਲਗਾ ਕੇ ਸੜਕ ਜਾਮ ਕਰ ਦਿੱਤੀ | ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਕਈ-ਕਈ ਘੰਟਿਆਂ ਤੋਂ ਬਿਜਲੀ ਗਾਇਬ ਹੈ, ਜਿਸ ਕਾਰਨ ਘਰਾਂ ਵਿਚ ਰਹਿਣਾ ਮੁਸ਼ਕਿਲ ਹੋ ਗਿਆ ਹੈ | ਬਿਜਲੀ ਨਾ ਹੋਣ ਕਾਰਨ ਪੱਖੇ, ਕੂਲਰ ਅਤੇ ਹੋਰ ਜ਼ਰੂਰੀ ਬਿਜਲੀ ਉਪਕਰਨ ਬੰਦ ਪਏ ਹਨ, ਜਦਕਿ ਛੋਟੇ ਕਾਰੋਬਾਰ ਅਤੇ ਦੁਕਾਨਾਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ | ਗੱਲਬਾਤ ਕਰਦਿਆਂ ਪਿੰਡਾਂ ਦੇ ਵਸਨੀਕਾਂ ਦਲਜੀਤ ਸਿੰਘ, ਨਿਰਮਲ ਸਿੰਘ, ਸੁਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਬਿਜਲੀ ਦੀ ਸਪਲਾਈ ਨਾ ਆਉਣ ਕਾਰਨ ਅੱਕੇ ਹੋਏ ਲੋਕਾਂ ਨੂੰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਪਿੰਡ ਸੰਗਤਪੁਰ, ਖੁਰਮਪੁਰ, ਪਲਾਹੀ, ਖਾਟੀ ਤੇ ਲੱਖਪੁਰ ਦੀ ਸਪਲਾਈ ਦਾ ਬੁਰਾ ਹਾਲ ਸੀ ਤੇ ਮੋਟਰਾਂ ਤੇ ਸਪਲਾਈ ਆਇਆ ਨੂੰ ਕਈ ਦਿਨ ਹੀ ਹੋ ਚੁੱਕੇ ਹਨ ਜਿਸ ਕਾਰਨ ਉਨ੍ਹਾਂ ਦਾ ਝੋਨਾ ਵੀ ਖ਼ਰਾਬ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬਿਜਲੀ ਵਿਭਾਗ ਵੱਲੋਂ ਸ਼ਾਮ ਤੱਕ ਕੁੱਝ ਇਲਾਕੇ ਚਲਾਏ ਗਏ ਹਨ ਤੇ ਅਜੇ ਤੱਕ ਮੋਟਰਾਂ ਦੀ ਸਪਲਾਈ ਬਹਾਲ ਨਹੀਂ ਹੋਈ ਹੈ | ਧਰਨੇ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਵੀ ਸਮਰਥਨ ਦਿੱਤਾ ਗਿਆ ਤੇ ਉਨ੍ਹਾਂ ਮੰਗ ਰੱਖੀ ਕਿ ਬਿਜਲੀ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਐਸ.ਡੀ.ਓ. ਤੇ ਐਕਸੀਅਨ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਮੋਟਰਾਂ ਦੀ ਸਪਲਾਈ ਰਾਤੋਂ ਰਾਤ ਚਲਾ ਦਿੱਤੀ ਜਾਵੇਗੀ ਪਰ ਅਜੇ ਤੱਕ ਧਰਨਾ ਜਾਰੀ ਹੈ | ਬਿਜਲੀ ਦੀ ਸਪਲਾਈ ਰਾਤ ਸਮੇਂ ਹਰਗੋਬਿੰਦ ਨਗਰ, ਚਾਚੋਕੀ ਖੇਤਰ ‘ਚ ਵੀ ਬੰਦ ਰਹੀ | ਇਸ ਸਬੰਧੀ ਸੰਪਰਕ ਕਰਨ ‘ਤੇ ਐਕਸੀਅਨ ਹਰਦੀਪ ਸਿੰਘ ਨੇ ਦੱਸਿਆ ਕਿ ਪਿੰਡਾਂ ਦੀ ਸਪਲਾਈ ਆਮ ਵਾਂਗ ਬਹਾਲ ਹੋ ਗਈ ਹੈ ਤੇ ਜੋ ਫੀਡਰ ਬੰਦ ਹਨ ਉਨ੍ਹਾਂ ਦਾ ਵੀ ਹੱਲ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਯਾਦ ’ਚ ਸੁਲਤਾਨਪੁਰ ਲੋਧੀ ਤੋਂ ਬਟਾਲਾ ਤੱਕ 2 ਦਿਨਾਂ ਨਗਰ ਕੀਰਤਨ ਸਜਾਉਣ ਦ... ਅਗਲੀ ਖ਼ਬਰ ਐਸ.ਸੀ.ਬੀ.ਸੀ. ਵਰਗ ਨੂੰ ਰਾਖਵੇਂਕਰਨ ਦੀ ਨੀਤੀ ਅਨੁਸਾਰ ਬਣਦਾ ਕੋਟਾ ਨਾ ਦੇਣ ਕਾਰਨ ਅਧਿਆਪਕਾਂ ’ਚ ਰੋਸ
Ad Position 24
No active advertisement