ਰਵਿਦਾਸ ਹਸਪਤਾਲ ਤੋਂ ਅੱਗੇ ਆਟੋ ਚਾਲਕ ਦੀ ਹਥਿਆਰਾਂ ਨਾਲ ਕੁੱਟਮਾਰ
ਫਗਵਾੜਾ, 13 ਸਤੰਬਰ (ਹਰਜੋਤ ਸਿੰਘ ਚਾਨਾ)- ਵਿਸ਼ਾਲ ਮੈਗਾ ਮਾਰਟ ਦੇ ਬਾਹਰੋਂ ਆਟੋ ‘ਚ ਸਵਾਰ ਹੋਏ ਇੱਕ ਵਿਅਕਤੀ ਵੱਲੋਂ ਰਵਿਦਾਸ ਹਸਪਤਾਲ ਜਾਣ ਲਈ ਕਹਿਣ ਤੋਂ ਬਾਅਦ ਆਟੋ ਚਾਲਕ ਨੂੰ ਅੱਗੇ ਲਿਜਾ ਕੇ ਤਿੰਨ ਨੌਜਵਾਨਾਂ ਵੱਲੋਂ ਹਥਿਆਰਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਹਮਲੇ ‘ਚ ਜ਼ਖਮੀ ਹੋਏ ਆਟੋ ਚਾਲਕ ਦੀ ਪਛਾਣ ਰਾਜੂ ਵਾਸੀ ਮੁਹੱਲਾ ਧਰਮਕੋਟ ਵਜੋਂ ਹੋਈ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ | ਜ਼ਖਮੀ ਰਾਜੂ ਨੇ ਦੱਸਿਆ ਕਿ ਉਹ ਵਿਸ਼ਾਲ ਮੈਗਾ ਮਾਰਟ ਦੇ ਬਾਹਰ ਆਟੋ ਚਲਾ ਰਿਹਾ ਸੀ ਤਾਂ ਇੱਕ ਵਿਅਕਤੀ ਉਸਦੇ ਆਟੋ ‘ਚ ਬੈਠ ਗਿਆ ਤੇ ਉਸਨੂੰ ਰਵਿਦਾਸ ਹਸਪਤਾਲ ਜਾਣ ਲਈ ਕਿਹਾ | ਜਦੋਂ ਉਹ ਹਸਪਤਾਲ ਨੇੜੇ ਪਹੁੰਚੇ ਤਾਂ ਸਵਾਰੀ ਨੇ ਕਿਹਾ ਕਿ ਥੋੜ੍ਹਾ ਹੋਰ ਅੱਗੇ ਜਾਣਾ ਹੈ ਇਸ ‘ਤੇ ਉਹ ਉਸਨੂੰ ਅੱਗੇ ਲੈ ਗਿਆ | ਰਾਜੂ ਅਨੁਸਾਰ ਕੁੱਝ ਦੂਰੀ ‘ਤੇ ਪਹੁੰਚਣ ‘ਤੇ ਤਿੰਨ ਨੌਜਵਾਨ ਖੜ੍ਹੇ ਸਨ, ਜਿਨ੍ਹਾਂ ਨੇ ਉਸ ‘ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਉਨ੍ਹਾਂ ਨੇ ਉਸਦੀ ਕਾਫ਼ੀ ਕੁੱਟਮਾਰ ਕੀਤੀ | ਇਸ ਦੌਰਾਨ ਜਦੋਂ ਸੜਕ ਤੋਂ ਲੰਘ ਰਹੇ ਕੁੱਝ ਚਾਲਕ ਰੁਕਣ ਲੱਗੇ ਤਾਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ | ਰਾਜੂ ਨੇ ਦੱਸਿਆ ਕਿ ਹਮਲਾਵਰ ਮੋਟਰਸਾਈਕਲ ‘ਤੇ ਸਵਾਰ ਸਨ ਤੇ ਉਨ੍ਹਾਂ ਦੇ ਵਾਹਨਾਂ ‘ਤੇ ਨੰਬਰ ਪਲੇਟਾਂ ਨਹੀਂ ਲੱਗੀਆਂ ਹੋਈਆਂ ਸਨ | ਪੁਲੀਸ ਨੂੰ ਘਟਨਾ ਸਬੰਧੀ ਜਾਣਕਾਰੀ ਦਿੱਤੀ ਗਈ ਹੈ |