ਹਲਕੀ ਬਾਰਿਸ਼ ਨੇ ਭੁਲੱਥ ਦਾ ਮੌਸਮ ਕੀਤਾ ਖ਼ੁਸ਼ਗਵਾਰ, ਗਰਮੀ ਤੋਂ ਮਿਲੀ ਰਾਹਤ
ਭੁਲੱਥ, 13 ਸਤੰਬਰ (ਮਨਜੀਤ ਸਿੰਘ ਰਤਨ ) ਭੁਲੱਥ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਅੱਜ ਹਲਕੀ ਬਾਰਸ਼ ਹੋਣ ਨਾਲ ਜਿੱਥੇ ਮੌਸਮ ਦਾ ਮਿਜ਼ਾਜ ਬਦਲ ਗਿਆ, ਉੱਥੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਅਤੇ ਹੰੁਮ੍ਹਸ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ | ਸਵੇਰ ਤੋਂ ਹੀ ਅਸਮਾਨ ਵਿਚ ਬੱਦਲ ਛਾਏ ਰਹੇ ਅਤੇ ਬਾਅਦ ਵਿਚ ਹੋਈ ਹਲਕੀ ਬਾਰਸ਼ ਨੇ ਮੌਸਮ ਨੂੰ ਕਾਫ਼ੀ ਸੁਹਾਵਣਾ ਬਣਾ ਦਿੱਤਾ | ਬਾਰਸ਼ ਪੈਣ ਨਾਲ ਤਪਦੀ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੇ ਸੁੱਖ ਦਾ ਸਾਹ ਲਿਆ | ਮੌਸਮ ਠੰਢਾ ਹੋਣ ਕਾਰਨ ਲੋਕਾਂ ਨੂੰ ਰੋਜ਼ਾਨਾ ਦੇ ਕੰਮਕਾਜ ਵਿਚ ਵੀ ਕੁੱਝ ਸਹੂਲਤ ਮਹਿਸੂਸ ਹੋਈ | ਬਾਜ਼ਾਰਾਂ ਵਿਚ ਆਉਣ-ਜਾਣ ਵਾਲੇ ਲੋਕਾਂ ਨੇ ਵੀ ਬਦਲੇ ਮੌਸਮ ਦਾ ਆਨੰਦ ਮਾਣਿਆ | ਇਸ ਹਲਕੀ ਬਾਰਸ਼ ਨਾਲ ਖੇਤਾਂ ਵਿਚ ਖੜ੍ਹੀਆਂ ਫ਼ਸਲਾਂ ਨੂੰ ਵੀ ਕੁੱਝ ਰਾਹਤ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ | ਖ਼ਾਸ ਕਰਕੇ ਝੋਨੇ ਦੀ ਫ਼ਸਲ ਲਈ ਮੌਜੂਦਾ ਸਮੇਂ ਵਿਚ ਮੌਸਮ ਦਾ ਬਦਲਾਅ ਕਿਸਾਨਾਂ ਲਈ ਰਾਹਤ ਵਾਲਾ ਮੰਨਿਆ ਜਾ ਰਿਹਾ ਹੈ | ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਫ਼ਸਲਾਂ ਲਈ ਲੋੜ ਅਨੁਸਾਰ ਚੰਗੀ ਬਾਰਸ਼ ਹੋਣੀ ਵੀ ਜ਼ਰੂਰੀ ਹੈ | ਦੂਜੇ ਪਾਸੇ ਬਾਰਸ਼ ਕਾਰਨ ਸੜਕਾਂ ਅਤੇ ਗਲੀਆਂ ਵਿਚ ਹਲਕੀ ਨਮੀ ਹੋਣ ਨਾਲ ਧੂੜ-ਮਿੱਟੀ ਤੋਂ ਵੀ ਲੋਕਾਂ ਨੂੰ ਰਾਹਤ ਮਿਲੀ | ਲੋਕਾਂ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ ਵਿਚ ਵੀ ਮੌਸਮ ਸੁਹਾਵਣਾ ਬਣਿਆ ਰਹੇ ਅਤੇ ਚੰਗੀ ਬਾਰਸ਼ ਹੋਵੇ |