ਮਾਨਸਾ, 11 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਨੇੜਲੇ ਪਿੰਡ ਠੂਠਿਆਂਵਾਲੀ ਵਿਖੇ ਨਜਾਇਜ਼ ਸੰਬੰਧਾਂ ਦੇ ਸ਼ੱਕ ਦੇ ਚੱਲਦਿਆਂ ਪਤੀ ਵਲੋਂ ਗਰਭਵਤੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸਿਮਰਜੀਤ ਕੌਰ (22) ਨੇ ਡੇਢ ਸਾਲ ਪਹਿਲਾਂ ਜ਼ਿਲ੍ਹੇ ਦੇ ਪਿੰਡ ਬੁਰਜ ਰਾਠੀ ਦੇ ਨੌਜਵਾਨ ਸੱਚਪ੍ਰੀਤ ਸਿੰਘ ਨਾਲ ਲਵ ਮੈਰਿਜ ਕਰਵਾਈ ਸੀ ਅਤੇ ਬਾਅਦ 'ਚ ਪਰਿਵਾਰਾਂ ਦੀ ਸਹਿਮਤੀ ਨਾਲ ਅਨੰਦ ਵੀ ਕਰਵਾਏ।
ਲੜਕੀ ਜਣੇਪੇ ਲਈ ਪੇਕੇ ਘਰ ਆਈ ਹੋਈ ਸੀ। ਮ੍ਰਿਤਕਾ ਦੇ ਚਾਚੇ ਮੇਵਾ ਸਿੰਘ ਨੇ ਦੱਸਿਆ ਕਿ ਉਸਦਾ ਭਤੀਜ ਜਵਾਈ ਰਾਤ ਵੇਲੇ ਮੁੜ ਘਰ ਆਇਆ ਅਤੇ ਸਿਮਰਜੀਤ ਨੂੰ ਫ਼ੋਨ ਕਰ ਕੇ ਬਾਥਰੂਮ 'ਚ ਬੁਲਾ ਲਿਆ, ਜਿੱਥੇ ਉਸਨੇ ਤੇਜ਼ਧਾਰ ਹਥਿਆਰ ਨਾਲ ਗਲਾ ਕੱਟ ਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਚੌਂਕੀ ਠੂਠਿਆਂਵਾਲੀ ਦੇ ਇੰਚਾਰਜ ਮੱਖਣ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਸੁਖਪਾਲ ਸਿੰਘ ਬਿਆਨਾਂ 'ਤੇ ਸੱਚਪ੍ਰੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।